ਪੁਲੀਆਂ ਬੰਦ ਹੋਣ ਕਾਰਨ ਝੋਨੇ ਦੀ ਫ਼ਸਲ ਡੁੱਬੀ

ਪੁਲੀਆਂ ਬੰਦ ਹੋਣ ਕਾਰਨ ਝੋਨੇ ਦੀ ਫ਼ਸਲ ਡੁੱਬੀ

ਗੁਲਾਹੜ ਵਿੱਚ ਪਾਣੀ ਵਿੱਚ ਡੁੱਬੀ ਹੋਈ ਫਸਲ ਤੇ ਬੰਦ ਕੀਤੀਆਂ ਪੁਲੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਲੋਕ।

ਗੁਰਨਾਮ ਸਿੰਘ ਚੌਹਾਨ
ਪਾਤੜਾਂ, 10 ਜੁਲਾਈ

ਦੋ ਦਿਨ ਪਹਿਲਾਂ ਹੋਈ ਬਾਰਿਸ਼ ਮਗਰੋਂ ਭਾਵੇਂ ਮੌਸਮ ਸਾਫ਼ ਹੋ ਗਿਆ ਹੈ ਪਰ ਕਈ ਘੰਟੇ ਪਈ ਭਾਰੀ ਬਾਰਿਸ਼ ਕਾਰਨ ਨੀਵੀਆਂ ਥਾਵਾਂ ’ਤੇ ਪਾਣੀ ਭਰ ਗਿਆ ਹੈ। ਜਿਸ ਕਾਰਨ ਕਈ ਥਾਵਾਂ ਉੱਪਰ ਝੋਨੇ ਦੀ ਤਾਜ਼ਾ ਲੱਗੀ ਫਸਲ ਡੁੱਬ ਗਈ ਹੈ। ਸਬ ਡਵੀਜ਼ਨ ਪਾਤੜਾਂ ਅਧੀਨ ਆਉਂਦੇ ਪਿੰਡ ਗੁਲਾੜ ਵਿੱਚ ਸੜਕ ਉੱਤੇ ਪਾਣੀ ਦੀ ਨਿਕਾਸੀ ਲਈ ਦੱਬੀਆਂ ਗਈਆਂ ਪੁਲੀਆਂ ਨੂੰ ਕਿਸਾਨ ਵੱਲੋਂ ਬੰਦ ਕੀਤੇ ਜਾਣ ਕਾਰਨ ਸੈਂਕੜੇ ਏਕੜ ਝੋਨੇ ਦੀ ਤਾਜ਼ਾ ਲੱਗੀ ਹੋਈ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਆਪਣੀ ਫ਼ਸਲ ਨੂੰ ਬਚਾਉਣ ਲਈ ਕਿਸਾਨਾਂ ਵੱਲੋਂ ਚਾਰਾਜੋਈ ਕੀਤੀ ਜਾ ਰਹੀ ਹੈ।

ਪਿੰਡ ਗੁਲਾਹੜ ਦੇ ਕਿਸਾਨ ਗਗਨਦੀਪ ਸਿੰਘ, ਹੀਰਾ ਸਿੰਘ, ਸਾਹਿਬ ਸਿੰਘ, ਹੁਸ਼ਿਆਰ ਸਿੰਘ, ਸਰਦੂਲ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਗੁਲਾਹੜ ਸਮੇਤ ਆਲੇ ਦੁਆਲੇ ਦੇ ਕਈ ਪਿੰਡਾਂ ਦਾ ਇਲਾਕਾ ਘੱਗਰ ਦਰਿਆ ਵਿੱਚ ਹਰ ਸਾਲ ਆਉਣ ਵਾਲੇ ਹੜ੍ਹਾਂ ਦੀ ਮਾਰ ਹੇਠ ਆਉਂਦਾ ਹੈ ਜਿਸ ਨੂੰ ਮੁੱਖ ਰੱਖਦਿਆਂ ਪੀ ਡਬਲਯੂ ਡੀ ਵੱਲੋਂ ਗੁਲਾਹੜ ਤੋਂ ਹੋਤੀਪੁਰ ਜਾਣ ਵਾਲੀ ਸੜਕ ਉੱਤੇ ਪਾਣੀ ਦੀ ਨਿਕਾਸੀ ਲਈ ਪੰਦਰਾਂ ਪੁਲੀਆਂ ਦੱਬੀਆਂ ਗਈਆਂ ਸਨ ਪਰ ਇੱਕ ਵਿਅਕਤੀ ਨੇ ਇਨ੍ਹਾਂ ਪੁਲੀਆਂ ਨੂੰ ਮਿੱਟੀ ਦੇ ਥੈਲੇ ਭਰ ਕੇ ਜਬਰੀ ਬੰਦ ਕੀਤਾ ਹੋਇਆ ਹੈ। ਜਿਸ ਕਾਰਨ ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਕਾਰਨ ਉੱਚੀਆਂ ਥਾਵਾਂ ਤੋਂ ਹੇਠਾਂ ਆਉਣ ਵਾਲਾ ਬਰਸਾਤੀ ਪਾਣੀ ਇਸ ਜਗ੍ਹਾ ਦੇ ਆਸ ਪਾਸ ਇਕੱਠਾ ਹੋ ਜਾਣ ਕਾਰਨ ਸੈਂਕੜੇ ਏਕੜ ਫ਼ਸਲ ਪਾਣੀ ਵਿੱਚ ਡੁੱਬੀ ਹੋਈ ਹੈ। ਇਸ ਦੌਰਾਨ ਮੇਜਰ ਸਿੰਘ ਬਲਕਾਰ ਸਿੰਘ ਲਖਵਿੰਦਰ ਸਿੰਘ ਨਿਰਮਲ ਸਿੰਘ ਬਲਜਿੰਦਰ ਸਿੰਘ ਤੇ ਕੁਲਦੀਪ ਸਿੰਘ ਆਦਿ ਨੇ ਪ੍ਰਸ਼ਾਸਨ ਤੋਂ ਤੁਰੰਤ ਪੁਲੀਆਂ ਖੁਲ੍ਹਵਾ ਕੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਐੱਸਡੀਐੱਮ ਪਾਤੜਾਂ ਡਾ ਪਾਲਿਕਾ ਅਰੋੜਾ ਨੇ ਦੱਸਿਆ ਹੈ ਕਿ ਪਿੰਡ ਗੁਲਾਹੜ ਦੇ ਕਿਸਾਨਾਂ ਵੱਲੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੇ ਜਾਣ ਉਪਰੰਤ ਉਨ੍ਹਾਂ ਤੁਰੰਤ ਪੀਡਬਲਿਯੂਡੀ ਦੇ ਅਧਿਕਾਰੀਆਂ ਨੂੰ ਪੁਲੀਆਂ ਖੁਲ੍ਹਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਜਿਸ ’ਤੇ ਕਾਰਵਾਈ ਕਰਦਿਆਂ ਪੀਡਬਲਯੂਡੀ ਦੇ ਜੂਨੀਅਰ ਇੰਜਨੀਅਰ ਨੇ ਮੌਕੇ ਉੱਤੇ ਜਾ ਕੇ ਕੁਝ ਪੁਲੀਆਂ ਖੁਲ੍ਹਵਾ ਦਿੱਤੀਆਂ ਹਨ। ਉਨ੍ਹਾਂ ਲੋਕਾਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਬਰਸਾਤਾਂ ਦੇ ਦਿਨਾਂ ਵਿੱਚ ਜਿਹੜਾ ਵੀ ਵਿਅਕਤੀ ਪਾਣੀ ਦੇ ਕੁਦਰਤੀ ਵਹਾਅ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ ਉਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All