Over Sewerage and Infrastructure Issues: ਕਾਰਜਸਾਧਕ ਅਫਸਰ ਨੂੰ ਸਮੱਸਿਆਵਾਂ ਸਬੰਧੀ ਮੰਗ ਪੱਤਰ
ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਯੂਥ ਪ੍ਰਧਾਨ ਦੀ ਅਗਵਾਈ ਹੇਠ ਵਫ਼ਦ ਵੱਲੋਂ ਮੁਲਾਕਾਤ
ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਯੂਥ ਪ੍ਰਧਾਨ ਅਤੇ ਸਮਾਜ ਸੇਵੀ ਨਰਿੰਦਰ ਸਿੰਘ ਭਿੰਡਰ ਦੀ ਅਗਵਾਈ ਹੇਠ ਸਨੌਰ ਯੂਨਿਟ ਦੇ ਮੈਂਬਰ ਵਿਕਰਮ ਸਿੰਘ ਸੰਧਾ, ਹਰਵਿੰਦਰ ਸਿੰਘ, ਦਰਸ਼ਨ ਸਿੰਘ ਸਨੌਰ, ਸੁਖਜਿੰਦਰ ਕਾਹਲੋਂ ਤੇ ਅਨਮੋਲ ਢਿੱਲੋਂ ਰਾਹੀਂ ਨਗਰ ਕੌਸਲ ਸਨੌਰ ਦੇ ਕਾਰਜਸਾਧਕ ਅਫਸਰ ਲਖਵੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਮੰਗ ਕੀਤੀ ਗਈ ਕਿ ਸਨੌਰ ਫਿਰਨੀ ਦੇ ਸੀਵਰੇਜ ਲਈ ਛੋਟੇ ਪਾਏ ਸੀਮਿੰਟ ਪਾਈਪਾਂ ਕਾਰਨ ਓਵਰਫਲੋਅ ਹੋਣ ਕਾਰਨ ਕਾਫ਼ੀ ਪ੍ਰੇਸ਼ਾਨੀ ਆਉਂਦੀ ਹੈ ਅਤੇ ਕਈ ਸਾਲ ਪਹਿਲਾਂ ਬਣੇ ਇਸ ਨਾਲੇ ਦੇ ਲੈਂਟਰ ਦੀ ਕੋਈ ਮੁਨਿਆਦ ਨਹੀਂ ਹੈ, ਇਸ ਕਰ ਕੇ ਇੱੱਧਰ ਧਿਆਨ ਦਿੱਤਾ ਜਾਵੇ। ਇਸ ਰਾਹ ’ਤੇ ਕਦੇ ਵੀ ਇੰਟਲਾਕ ਟਾਈਲਾਂ ਜਾਂ ਲੁੱਕ ਵਾਲੀ ਸੜਕ ਨਹੀਂ ਬਣਾਈ ਗਈ। ਉਨ੍ਹਾਂ ਮੰਗ ਕੀਤੀ ਕਿ ਦੋ ਫੁੱਟ ਹੇਠਾਂ ਦੱਬੇ ਸਾਰੇ ਛੋਟੇ ਸੀਮਿੰਟ ਪਾਈਪ ਤੁਰੰਤ ਕੱਢੇ ਜਾਣ ਤਾਂ ਜੋ ਗਰਲਜ਼ ਸਕੂਲ ਤੇ ਦੋ ਗੁਰਦੁਆਰਿਆਂ ਵਿੱਚ ਸੀਵਰੇਜ ਦਾ ਗੰਦਾ ਪਾਣੀ ਦਾਖਲ ਨਾ ਹੋ ਸਕੇ।
ਉਨ੍ਹਾਂ ਮੰਗ ਕੀਤੀ ਕਿ ਸਨੌਰ ਫਿਰਨੀ ਅਤੇ ਟੁੱਟੀਆਂ ਸੜਕਾਂ ਛੇਤੀ ਬਣਾਈਆਂ ਜਾਣ। ਇਸ ਤੋਂ ਇਲਾਵਾ ਅਣ ਅਧਿਕਾਰਤ ਕਲੋਨੀਆਂ ਵਿੱਚ ਮੁੱਢਲੀਆ ਸਹੂਲਤਾਂ ਛੇਤੀ ਦਿੱਤੀਆ ਜਾਣ। ਮਕਾਨ ਬਣਾਉਣ ਲਈ ਐੱਨ ਓ ਸੀ ਲੈਣ ਸਮੇਂ ਟੈਕਸ ਫੀਸ ਘਟਾਈ ਜਾਵੇ। ਮੌਜੂਦਾ ਸੀਵਰੇਜ ਨਿਕਾਸੀ ਤੇ ਬਰਸਾਤੀ ਪਾਣੀ ਕੱਢਣ ਲਈ ਨਵੀ ਪਾਈਪ ਲਾਈਨ ਛੇਤੀ ਪਾਈ ਜਾਵੇ। ਸੁਵਿਧਾ ਕੇਂਦਰ ਬਣਾਇਆ ਜਾਵੇ। ਚੌਕਾਂ ’ਚ ਸੀ ਸੀ ਟੀ ਵੀ ਕੈਮਰੇ ਲਾਏ ਜਾਣ। ਕੂੜਾ ਸੁੱਟਣ ਲਈ ਯੋਗ ਥਾਂ ਲੱਭੀ ਜਾਵੇ। ਹਸਪਤਾਲ ਨੂੰ ਅਪਗਰੇਡ ਕਰ ਕੇ ਮੁੱਢਲਾ ਸਿਹਤ ਕੇਂਦਰ ਬਣਾਇਆ ਜਾਵੇ।

