ਸਰਬਜੀਤ ਸਿੰਘ ਭੰਗੂ
ਪਟਿਆਲਾ 25 ਮਈ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਰਾਜਿੰਦਰਾ ਝੀਲ ਦੀ ਸਾਫ਼-ਸਫ਼ਾਈ ਤੁਰੰਤ ਕਰਵਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਇਸ ਨੂੰ ਸੈਲਾਨੀਆਂ ਤੇ ਸ਼ਹਿਰ ਵਾਸੀਆਂ ਲਈ ਸਥਾਈ ਤੌਰ ’ਤੇ ਸੁੰਦਰ ਸੈਰਗਾਹ ਵਜੋਂ ਵਿਕਸਤ ਕਰਨ ਦੇ ਮਕਸਦ ਨਾਲ ਲੋਕ ਨਿਰਮਾਣ, ਜਲ ਨਿਕਾਸ, ਨਗਰ ਨਿਗਮ, ਬਾਗਬਾਨੀ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਪਟਿਆਲਾ ਇੰਡਸਟਰੀਜ਼ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਐੱਚ.ਪੀ.ਐੱਸ. ਲਾਂਬਾ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਝੀਲ ਦੀ ਸਾਫ਼-ਸਫ਼ਾਈ ਤੁਰੰਤ ਕਰਵਾਏ ਜਾਣ ਤੋਂ ਇਲਾਵਾ ਝੀਲ ਦੇ ਇੱਕ ਹਿੱਸੇ ’ਚ ਸਥਾਪਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬੁੱਤ ਦੇ ਆਸ ਪਾਸ ਦੇ ਖੇਤਰ ਨੂੰ ਹੋਰ ਸੁੰਦਰ ਬਣਾਉਣ ਸਮੇਤ ਇੱਥੇ ਲੱਗੇ ਹੋਏ ਕੌਮੀ ਝੰਡੇ ਨੂੰ ਮੁੜ ਤੋਂ ਲਹਿਰਾਉਣ ਲਈ ਆਦੇਸ਼ ਦਿੱਤੇ। ਇਸ ਮੌਕੇ ਐਚ.ਪੀ.ਐਸ. ਲਾਂਬਾ ਨੇ ਪਟਿਆਲਾ ਇੰਡਸਟਰੀਜ਼ ਐਸੋਸੀਏਸ਼ਨ ਵੱਲੋਂ ਰਾਜਿੰਦਰਾ ਟੈਂਕ ਦੀ ਪੱਕੇ ਤੌਰ ’ਤੇ ਸਾਫ਼-ਸਫ਼ਾਈ ਸਮੇਤ ਕੌਮੀ ਝੰਡੇ ਨੂੰ ਲਹਿਰਾਏ ਜਾਣ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਦੇ ਐੱਸ.ਡੀ.ਓ. ਮਯੰਕ ਕਾਂਸਲ ਨੂੰ ਕਿਹਾ ਕਿ ਉਹ 10.53 ਏਕੜ ’ਚ ਬਣੇ ਝੀਲ ਕੰਪਲੈਕਸ ਦੇ ਰੱਖ-ਰਖਾਅ, ਸਫ਼ਾਈ ਅਤੇ ਲਾਇਟਾਂ ਲਈ ਸਮਾਂਬੱਧ ਤਰੀਕੇ ਨਾਲ ਫੰਡਾਂ ਦਾ ਵੇਰਵਾ ਦੇਣ ਸਮੇਤ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਇਸ ਝੀਲ ਦੇ ਰੱਖ-ਰਖਾਓ ਦੇ ਪੱਕੇ ਪ੍ਰਬੰਧ ਯਕੀਨੀ ਬਣਾਏ ਜਾਣ। ਜਲ ਨਿਕਾਸ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਗਗਨਦੀਪ ਗਿੱਲ ਨੂੰ ਹਦਾਇਤ ਹੋਈ ਕਿ ਟੈਂਕ ਵਿੱਚੋਂ ਬੂਟੀ ਕੱਢ ਕੇ ਇਸ ਦੀ ਸਫ਼ਾਈ ਲਈ ਤਖ਼ਮੀਨਾ ਬਣਾ ਕੇ 10 ਦਿਨਾਂ ’ਚ ਦਿੱਤਾ ਜਾਵੇ ਅਤੇ ਜੇਕਰ ਕੋਈ ਐਨ.ਓ.ਸੀ. ਲੈਣੀ ਹੈ ਤਾਂ ਲੋਕ ਨਿਰਮਾਣ ਵਿਭਾਗ ਨਾਲ ਤਾਲਮੇਲ ਕਰ ਲਿਆ ਜਾਵੇ।