ਗੁਰਨਾਮ ਸਿੰਘ ਅਕੀਦਾ
ਪਟਿਆਲਾ, 28 ਮਈ
ਨਗਰ ਨਿਗਮ ਪਟਿਆਲਾ ਦੀ ਵਾਰਡਬੰਦੀ ਨੇ ਸਿਆਸੀ ਭੂਚਾਲ ਲਿਆ ਦਿੱਤਾ ਹੈ। ਵਿਰੋਧੀ ਪਾਰਟੀਆਂ ਤਾਂ ਵਾਰਡਬੰਦੀ ਦਾ ਵਿਰੋਧ ਕਰ ਹੀ ਰਹੀਆਂ ਹਨ ਪਰ ਆਮ ਆਦਮੀ ਪਾਰਟੀ ਅੰਦਰੋਂ ਵੀ ਬਗ਼ਾਵਤ ਉੱਠੀ ਹੈ। ਹਾਲਾਂ ਕਿ ਪਟਿਆਲਾ ਨਗਰ ਨਿਗਮ ਦੇ ਵਾਰਡ 60 ਹੀ ਰੱਖੇ ਗਏ ਹਨ ਪਰ ਵਾਰਡਾਂ ਦੇ ਏਰੀਏ ਵਿੱਚ ਤਬਦੀਲੀ ਕਾਰਨ ਸ਼ੰਕੇ ਖੜ੍ਹੇ ਹੋ ਗਏ ਹਨ।
ਨਵੀਂ ਵਾਰਡਬੰਦੀ ਲਈ ਬਣਾਈ ਗਈ ਕਮੇਟੀ ਵਿੱਚ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਪਟਿਆਲਾ ਦਿਹਾਤੀ ਤੋਂ ਵਿਧਾਇਕ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ, ਡੀ.ਸੀ., ਨਿਗਮ ਕਮਿਸ਼ਨਰ ਅਤੇ ਲੋਕਲ ਬਾਡੀਜ਼ ਦੇ ਡਾਇਰੈਕਟਰ ਸ਼ਾਮਲ ਹਨ ਜਿਨ੍ਹਾਂ ਦੀ ਮੀਟਿੰਗ ਚੰਡੀਗੜ੍ਹ ਵਿੱਚ ਹੋਈ। ਪਹਿਲਾਂ ਵਾਂਗ ਸ਼ਹਿਰ ਵਿੱਚ ਸਿਰਫ਼ 60 ਵਾਰਡ ਹੀ ਰੱਖੇ ਗਏ ਹਨ। ਇਨ੍ਹਾਂ ਵਿੱਚ ਪਟਿਆਲਾ ਸ਼ਹਿਰੀ ਦੇ 32 ਵਾਰਡਾਂ ਵਿੱਚ 2 ਲੱਖ 35 ਹਜ਼ਾਰ ਦੇ ਕਰੀਬ ਵੋਟਾਂ ਹੋਣਗੀਆਂ ਜਦ ਕਿ ਪਟਿਆਲਾ ਦਿਹਾਤੀ ਦੇ 26 ਵਾਰਡਾਂ ਵਿੱਚ ਕਰੀਬ 1 ਲੱਖ 92 ਹਜ਼ਾਰ ਵੋਟਾਂ ਹੋਣਗੀਆਂ। ਨਵੀਂ ਵਾਰਡਬੰਦੀ ਵਿੱਚ ਵਿਕਾਸ ਕਾਲੋਨੀ ਨੂੰ ਪਟਿਆਲਾ ਦਿਹਾਤੀ ਤੋਂ ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜਦਕਿ ਬਿਸ਼ਨ ਨਗਰ ਨੂੰ ਪਟਿਆਲਾ ਦਿਹਾਤੀ ਵਿੱਚ ਰੱਖਿਆ ਗਿਆ ਹੈ। ਇਸੇ ਤਰ੍ਹਾਂ ਲਾਹੌਰੀ ਗੇਟ-ਰਾਜਪੁਰਾ ਕਾਲੋਨੀ ਅਤੇ ਤਫਜਲਪੁਰਾ ਦਾ ਇਲਾਕਾ ਪਹਿਲਾਂ ਪਟਿਆਲਾ ਦਿਹਾਤੀ ਅਧੀਨ ਆਉਂਦਾ ਸੀ ਪਰ ਹੁਣ ਲਾਹੌਰੀ ਗੇਟ ਦਾ ਗਾਂਧੀ ਨਗਰ ਪਟਿਆਲਾ ਸ਼ਹਿਰੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਰਾਜਪੁਰਾ ਰੋਡ ‘ਤੇ ਸਥਿਤ ਮਥੁਰਾ ਕਾਲੋਨੀ, ਟਰਾਂਸਪੋਰਟ ਨਗਰ ਪਹਿਲਾਂ ਪਟਿਆਲਾ ਸ਼ਹਿਰੀ-ਦਿਹਾਤੀ ਦੋਵਾਂ ਅਧੀਨ ਆਉਂਦੀ ਸੀ ਅਤੇ ਸਨੌਰ ਵਿਧਾਨ ਸਭਾ ਹਲਕੇ ਵਿੱਚ ਹੀਰਾ ਬਾਗ਼ ਦਾ ਕੁਝ ਇਲਾਕਾ ਸੀ, ਪਰ ਹੁਣ ਮਥੁਰਾ ਕਲੋਨੀ ਹੀਰਾ ਬਾਗ਼ ਨੂੰ ਪਟਿਆਲਾ ਦਿਹਾਤੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਪਹਿਲਾਂ ਬਣੀ ਵਾਰਡਬੰਦੀ ਕਮੇਟੀ ਵਿੱਚ ਇੱਕ ਮੈਂਬਰ ਕਾਂਗਰਸ ਤੋਂ ਸਾਬਕਾ ਕੌਂਸਲਰ ਊਸ਼ਾ ਤਿਵਾੜੀ, ਅਕਾਲੀ ਦਲ ਤੋਂ ਸਾਬਕਾ ਕੌਂਸਲਰ ਰਮਨਪ੍ਰੀਤ ਕੌਰ ਜੌਨੀ ਕੋਹਲੀ, ਭਾਜਪਾ ਤੋਂ ਲੀਲਾ ਰਾਣੀ, ਆਪ ਤੋਂ ਕਿਸ਼ਨਚੰਦ ਬੁੱਧੂ ਅਤੇ ਆਰਤੀ ਗੁਪਤਾ ਸ਼ਾਮਲ ਸਨ। ਇਸ ਕਮੇਟੀ ਦੇ ਕਾਂਗਰਸੀ ਤੇ ਅਕਾਲੀ ਮੈਂਬਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਵਾਰਡਬੰਦੀ ਬਾਰੇ ਪੁੱਛਿਆ ਨਹੀਂ ਗਿਆ। ‘ਆਪ’ ਦੇ ਕਿਸ਼ਨ ਚੰਦ ਬੁੱਧੂ ਨੇ ਵੀ ਕਿਹਾ ਕਿ ਕਮੇਟੀ ਤੋਂ ਪੁੱਛਿਆ ਨਹੀਂ ਗਿਆ। ਇਸ ਸਬੰਧੀ ਅਕਾਲੀ ਦਲ ਵੱਲੋਂ ਪਟਿਆਲਾ ਦੇ ਮੇਅਰ ਰਹੇ ਅਮਰਿੰਦਰ ਸਿੰਘ ਬਜਾਜ ਨੇ ਕਿਹਾ ਕਿ ਨਵੀਂ ਵਾਰਡਬੰਦੀ ਸਰਕਾਰ ਨੇ ਸਿੱਧੇ ਤੌਰ ‘ਤੇ ਹੇਰਾਫੇਰੀ ਕਰ ਕੇ ਜਿੱਤਣ ਲਈ ਤਿਆਰ ਕੀਤੀ ਹੈ।
ਇਸੇ ਤਰ੍ਹਾਂ ਕਾਂਗਰਸ ਵੱਲੋਂ ਮੇਅਰ ਰਹੇ ਸੰਜੀਵ ਕੁਮਾਰ ਬਿੱਟੂ ਨੇ ਕਿਹਾ ਕਿ ਇਸ ਵਾਰਡਬੰਦੀ ਦੀ ਲੋੜ ਨਹੀਂ ਸੀ, ਵਾਰਡਬੰਦੀ 10 ਸਾਲਾਂ ਬਾਅਦ ਹੁੰਦੀ ਹੈ ਪਰ ਇਨ੍ਹਾਂ ਪੰਜ ਸਾਲਾਂ ਬਾਅਦ ਹੀ ਕਰ ਦਿੱਤੀ। ‘ਆਪ’ ਆਗੂ ਕੁੰਦਨ ਗੋਗੀਆ ਨੇ ਕਿਹਾ ਕਿ ਸਾਨੂੰ ਵੀ ਵਾਰਡਬੰਦੀ ਬਾਰੇ ਪੁੱਛਿਆ ਨਹੀਂ ਗਿਆ। ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਅਜੇ ਤਾਂ ਵਾਰਡਬੰਦੀ ਸਬੰਧੀ ਇਤਰਾਜ਼ ਮੰਗੇ ਜਾਣੇ ਹਨ ਉਸ ਤੋਂ ਬਾਅਦ ਹੀ ਪੱਕੀ ਸਮਝੀ ਜਾਵੇਗੀ।