ਵਿਰੋਧੀ ਧਿਰਾਂ ਨੇ ਧੱਕੇਸ਼ਾਹੀ ਤੇ ਖੱਜਲ-ਖੁਆਰੀ ਦੇ ਦੋਸ਼ ਲਾਏ
ਨਾਮਜ਼ਦਗੀਆਂ ਦੀ ਪੜਤਾਲ ਸ਼ਾਂਤੀਮਈ ਨੇਪਡ਼ੇ ਚਡ਼੍ਹੀ: ਐੱਸ ਡੀ ਐੱਮ
ਬਲਾਕ ਸਮਿਤੀ ਲਈ ਰਾਜਨੀਤਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਵੱਲੋਂ 123 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ, ਜਿਨ੍ਹਾਂ ਦੀ ਪੜਤਾਲ ਮਗਰੋਂ ਬਲਾਕ ਸਮਿਤੀ ਪਾਤੜਾਂ ਦੀਆਂ 10 ਨਾਮਜ਼ਦਗੀਆਂ ਰੱਦ ਹੋ ਗਈਆਂ। ਵਿਰੋਧੀ ਧਿਰਾਂ ਨੇ ਧੱਕੇਸ਼ਾਹੀ ਤੇ ਖੱਜਲ-ਖੁਆਰੀ ਦੇ ਦੋਸ਼ ਲਾਏ ਹਨ।
ਐੱਸ ਡੀ ਐੱਮ ਪਾਤੜਾਂ ਅਸ਼ੋਕ ਕੁਮਾਰ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਚੈਕਿੰਗ ਕਰਨ ਲਈ ਵੱਖ-ਵੱਖ ਕਾਊਂਟਰ ਬਣਾ ਕੇ 40 ਦੇ ਕਰੀਬ ਕਰਮਚਾਰੀਆਂ ਡਿਊਟੀਆਂ ਲਾਈ ਸੀ। ਅਮਨ ਸ਼ਾਂਤੀ ਬਣਾਈ ਰੱਖਣ ਲਈ ਵੱਡੀ ਗਿਣਤੀ ਵਿੱਚ ਫੋਰਸ ਤਾਇਨਾਤ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਬਲਾਕ ਸਮਿਤੀ ਜ਼ੋਨ ਅਰਨੇਟੂ ਤੋਂ ਕਾਂਗਰਸ ਦੀ ਜੀਤੋ, ਜ਼ੋਨ ਦੁਗਾਲ ਕਾਂਗਰਸ ਦੀ ਸਿੰਦਰ ਕੌਰ ਤੇ ਆਜ਼ਾਦ ਰਿੰਪੀ ਰਾਣੀ, ਜ਼ੋਨ ਦੁਗਾਲ ਖੁਰਦ ਤੋਂ ਭਾਜਪਾ ਦੀ ਰਮਨਦੀਪ ਕੌਰ, ਜ਼ੋਨ ਬੁਜਰਕ ਤੋਂ ਕਾਂਗਰਸ ਦੇ ਗੁਰਸੇਵਕ ਸਿੰਘ ਤੇ ਭਾਜਪਾ ਦੇ ਬਲਜਿੰਦਰ ਸਿੰਘ, ਜ਼ੋਨ ਸ਼ਾਹਪੁਰ ਤੋਂ ਅਕਾਲੀ ਦਲ ਦੇ ਜਸਵੀਰ ਸਿੰਘ ਤੇ ਕੁਲਵੰਤ ਸਿੰਘ, ਜ਼ੋਨ ਉੱਗੋਕੇ ਤੋਂ ਅਕਾਲੀ ਦਲ ਦੇ ਗੁਰਜੀਤ ਸਿੰਘ, ਜ਼ੋਨ ਤੁਗੋਪੱਤੀ ਸ਼ੁਤਰਾਣਾ ਤੋਂ ਕਾਂਗਰਸ ਦੇ ਰਾਮਪਾਲ ਸਿੰਘ ਦੇ ਕਾਗਜ਼ ਰੱਦ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੁਖੀ ਕਬੀਰ ਦਾਸ ਨੇ ਕਿਹਾ ਕਿ ਅਕਾਲੀ ਉਮੀਦਵਾਰਾਂ ਦੀ ਪਾਰਟੀ ਵੱਲੋਂ ਜਾਰੀ ਕੀਤੀ ਸੂਚੀ ਨੂੰ ਪ੍ਰਸ਼ਾਸਨ ਮੰਨ ਨਹੀਂ ਰਿਹਾ ਸੀ।
ਮੰਗ ਪੱਤਰ ਦੇਣ ’ਤੇ ਐੱਸ ਡੀ ਐੱਮ ਪਾਤੜਾਂ ਨੇ ਯਕੀਨ ਦਿਵਾਇਆ ਕਿ ਸੂਚੀ ਅਨੁਸਾਰ ਹੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਭਾਜਪਾ ਆਗੂ ਕੇ ਕੇ ਮਲਹੋਤਰਾ, ਹਲਕਾ ਇੰਚਾਰਜ ਨਰਾਇਣ ਸਿੰਘ ਨਰਸੋਤ ਅਤੇ ਸੀਨੀਅਰ ਭਾਜਪਾ ਆਗੂ ਨਿਰੰਕਾਰ ਸਿੰਘ ਨੇ ਕਿਹਾ ਕਿ ਭਾਜਪਾ ਦੇ ਨਿਸ਼ਾਨ ’ਤੇ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਹੌਸਲੇ ਬੁਲੰਦ ਹਨ ਪਰ ਸਰਕਾਰ ਦੀ ਸ਼ਹਿ ’ਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਨਾਮਜ਼ਦਗੀਆਂ ਜਾਣ-ਬੁੱਝ ਕੇ ਰੱਦ ਕੀਤੀਆਂ ਹਨ। ਧੱਕੇਸ਼ਾਹੀ ਦੇ ਬਾਵਜੂਦ ਭਾਜਪਾ ਉਮੀਦਵਾਰਾਂ ਵੱਲੋਂ ਡਟ ਕੇ ਮੁਕਾਬਲਾ ਕੀਤਾ ਜਾਵੇਗਾ।
ਕਾਂਗਰਸ ਦੇ ਐੱਸ ਸੀ ਸੈੱਲ ਦੇ ਕੋਆਰਡੀਨੇਟਰ ਪੰਜਾਬ ਨਛੱਤਰ ਸਿੰਘ ਅਰਾਈਮਾਜਰਾ ਨੇ ਕਿਹਾ ਕਿ ਘਰ ਤੋਂ ਬਾਹਰ ਬਣੀਆਂ ਪੌੜੀਆਂ, ਝੜੀਆਂ, ਗਲੀ ਵਿੱਚ ਰੱਖੇ ਸਾਮਾਨ ਦੇ ਛੋਟੇ-ਛੋਟੇ ਦੋਸ਼ ਲਾ ਕੇ ਕਾਗ਼ਜ਼ ਰੱਦ ਕੀਤੇ ਹਨ ਜਦੋਂ ਕਿ ਉਹ ਕੁਝ ਉਮੀਦਵਾਰਾਂ ਦੇ ਕਾਗਜ਼ ਨੂੰ ਸਹੀ ਕਰਵਾਉਣ ਵਿੱਚ ਸਫ਼ਲ ਰਹੇ।
ਥਾਣਾ ਪਾਤੜਾਂ ਦੇ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਕਿਸੇ ਹੁੱਲੜਬਾਜ਼ੀ ਤੋਂ ਬਿਨਾਂ ਅਮਨ ਸ਼ਾਂਤੀ ਬਣੀ ਰਹੀ ਹੈ। ਬੀ ਡੀ ਪੀ ਓ ਦਫ਼ਤਰ ਅਤੇ ਐੱਸ ਡੀ ਐੱਮ ਦਫ਼ਤਰ ਵਿੱਚ 70 ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ।

