ਸਨੌਰ ਰਜਵਾਹਾ ਟੁੱਟਣ ਕਾਰਨ ਸੌ ਏਕੜ ਝੋਨਾ ਡੁੱਬਿਆ
ਜ਼ਿਲ੍ਹੇ ਦੇ ਸਨੌਰ ਹਲਕੇ ’ਚ ਪੈਂਦੇ ਪਿੰਡ ਸੁਨਿਆਰਹੇੜੀ ਨੇੜੇ ਸਨੌਰ ਰਜਵਾਹਾ ਟੁੱਟਣ ਕਾਰਨ ਝੋਨੇ ਦੀ ਤਕਰੀਬਨ 100 ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ। ਇਲਾਕੇ ਦੇ ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਨਹਿਰੀ ਵਿਭਾਗ ਨੂੰ ਕਈ ਵਾਰ ਸੂਚਿਤ ਕਰਨ...
ਜ਼ਿਲ੍ਹੇ ਦੇ ਸਨੌਰ ਹਲਕੇ ’ਚ ਪੈਂਦੇ ਪਿੰਡ ਸੁਨਿਆਰਹੇੜੀ ਨੇੜੇ ਸਨੌਰ ਰਜਵਾਹਾ ਟੁੱਟਣ ਕਾਰਨ ਝੋਨੇ ਦੀ ਤਕਰੀਬਨ 100 ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ। ਇਲਾਕੇ ਦੇ ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਨਹਿਰੀ ਵਿਭਾਗ ਨੂੰ ਕਈ ਵਾਰ ਸੂਚਿਤ ਕਰਨ ਦੇ ਬਾਵਜੂਦ ਕਾਰਵਾਈ ਨਾ ਕਰਨ ਦਾ ਹੀ ਸਿੱਟਾ ਹੈ ਕਿ ਅੱਜ ਉਨ੍ਹਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਹਨ। ਘਟਨਾ ਦੀ ਇਤਲਾਹ ਮਿਲਣ ’ਤੇ ਭਾਵੇਂ ਨਹਿਰੀ ਵਿਭਾਗ ਦੇ ਬੇਲਦਾਰ ਤਾਂ ਮੌਕੇ ’ਤੇ ਪਹੁੰਚ ਗਏ ਸਨ ਪਰ ਇਨ੍ਹਾਂ ਦੀ ਗਿਣਤੀ ਘੱਟ ਅਤੇ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਨ੍ਹਾਂ ਦੇ ਯਤਨ ਨਾਕਾਮ ਰਹੇ। ਜਿਸ ਕਾਰਨ 30 ਘੰਟਿਆਂ ਬਾਆਦ ਵੀ ਰਜਵਾਹੇ ਦੀ ਸਥਾਈ ਮੁਰੰਮਤ ਨਾ ਹੋ ਸਕੀ। ਕਿਸਾਨਾਂ ਨੇ ਕਿਹਾ ਕਿ ਇਹ ਰਜਵਾਹਾ ਪਹਿਲਾਂ ਵੀ ਦੋ ਵਾਰ ਟੁੱਟ ਚੁੱਕਾ ਹੈ, ਪਰ ਫੇਰ ਵੀ ਪੱਕੀ ਮੁਰੰਮਤ ਨਹੀਂ ਕੀਤੀ ਗਈ ਜਿਸ ਕਾਰਨ ਹੁਣ ਇਹ ਮੁੜ ਟੁੱਟ ਗਿਆ।
ਅਣਪਛਾਤੇ ਵਿਅਕਤੀ ਨੇ ਰਜਵਾਹੇ ਦੇ ਫੱਟੇ ਮੁੜ ਖੋਲ੍ਹੇ: ਅਧਿਕਾਰੀ
ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇੱਕ ਵਾਰ ਪਾਣੀ ਬੰਦ ਕਰਵਾ ਦਿੱਤਾ ਗਿਆ ਸੀ, ਪਰ ਰਾਤ ਸਮੇਂ ਕਿਸੇ ਅਣਪਛਾਤੇ ਵਿਅਕਤੀ ਨੇ ਰਜਵਾਹੇ ਦੇ ਫੱਟੇ ਮੁੜ ਖੋਲ੍ਹ ਦਿੱਤੇ, ਜਿਸ ਕਾਰਨ ਪਾਣੀ ਖੇਤਾਂ ਵਿੱਚ ਚਲਾ ਗਿਆ। ਦੂਜੇ ਪਾਸੇ, ਕਿਸਾਨਾਂ ਨੇ ਇਸ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਵਿਭਾਗ ਦੀ ਜਾਣਕਾਰੀ ਤੋਂ ਬਿਨਾਂ ਅਜਿਹਾ ਹੋਣਾ ਸੰਭਵ ਨਹੀਂ।

