ਸੁਭਾਸ਼ ਚੰਦਰ
ਸਮਾਣਾ, 7 ਸਤੰਬਰ
ਸ਼ਹਿਰ ਦੇ ਵੱਖ-ਵੱਖ ਮੰਦਰਾਂ ’ਚ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਸ਼ਰਧਾਲੂਆਂ ਨੇ ਮੰਦਿਰਾਂ ’ਚ ਨਤਮਸਤਕ ਹੋ ਕੇ ਕ੍ਰਿਸ਼ਨ ਭਗਵਾਨ ਤੋਂ ਅਸ਼ੀਰਵਾਦ ਲਿਆ। ਇਸ ਮੌਕੇ ’ਤੇ ਸਥਾਨਕ ਅਗਰਵਾਲ ਧਰਮਸ਼ਾਲਾ ’ਚ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਸ਼ਿਰਕਤ ਕਰਕੇ ਭਗਵਾਨ ਕ੍ਰਿਸ਼ਨ ਦੇ ਝੂਲੇ ਨੂੰ ਝੂਲਾਇਆ ਅਤੇ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਕਿਹਾ,‘ਸਾਨੂੰ ਭਗਵਾਨ ਸ੍ਰੀ ਕ੍ਰਿਸ਼ਨ ਵੱਲੋਂ ਦਿੱਤੇ ਉਪਦੇਸ਼, ਕਰਮ ਕਰਕੇ ਫਲ ਦੀ ਇੱਛਾ ਨਾ ਰੱਖਣ ਦੇ ਸੰਦੇਸ਼ ’ਤੇ ਅਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਕ੍ਰਿਸ਼ਨ ਮਹਾਨ ਰਣਨੀਤੀਕਾਰ ਸੀ, ਇਕ ਪਾਸੇ ਪ੍ਰੇਮ ਦਾ ਪਾਠ ਪੜ੍ਹਾ ਕੇ ਹਰ ਇੱਕ ਨੂੰ ਇੱਕ ਸਮਾਨ ਦ੍ਰਿਸ਼ਟੀ ਨਾਲ ਦੇਖਣ ਦੀ ਸਿੱਖਿਆ ਦਿੱਤੀ ਅਤੇ ਦੂਜੇ ਪਾਸੇ ਅਰਜੁਨ ਨੂੰ ਯੁੱਧ ਲਈ ਪ੍ਰੇਰਿਤ ਕਰਕੇ ਇਹ ਵੀ ਦੱਸਿਆ ਕਿ ਸਬਰ ਕਿਸੇ ਹੱਦ ਤੱਕ ਹੀ ਠੀਕ ਰਹਿੰਦਾ ਹੈ। ਇਸ ਮੌਕੇ ਪ੍ਰਧਾਨ ਮਦਨ ਮਿੱਤਲ ਤੇ ਸਮੂਹ ਮੈਂਬਰਾਂ ਵਲੋਂ ਕੈਬਨਿਟ ਮੰਤਰੀ ਨੂੰ ਸਿਰਪਾਉ ਪਾ ਕੇ ਸਨਮਾਨਿਤ ਕੀਤਾ ਗਿਆ।