ਪੁਰਾਣੇ ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ ਵੱਲੋਂ ਸੰਗਰੂਰ ਰੈਲੀ ’ਚ ਸ਼ਮੂਲੀਅਤ ਦਾ ਫ਼ੈਸਲਾ
ਤਿਆਰੀ ਲਈ ਲਾਮਬੰਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ
ਪੰਜਾਬ ਦੇ ਮੁਲਾਜ਼ਮਾਂ ਦੀਆਂ ਮੁੱਖ ਵਿੱਤੀ ਮੰਗਾਂ ਜਿਵੇਂ ਪੰਜਾਬ ਪੇਅ ਸਕੇਲ, ਪੁਰਾਣੀ ਪੈਨਸ਼ਨ ਅਤੇ ਜਾਮ ਕੀਤੇ ਭੱਤੇ ਜਿਵੇਂ ਪੇਂਡੂ ਭੱਤਾ, ਡੀ ਏ, ਏ ਸੀ ਪੀ ਤੇ ਬਾਰਡਰ ਭੱਤਾ ਆਦਿ ਦੀ ਬਹਾਲੀ ਲਈ ਨਵ-ਗਠਿਤ ‘ਪੁਰਾਣੇ-ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ, ਪੰਜਾਬ’ ਵੱਲੋਂ 15 ਫਰਵਰੀ ਨੂੰ ਸੰਗਰੂਰ ਵਿੱਚ ਉਲੀਕੀ ਗਈ ਵਿਸ਼ਾਲ ਰੈਲੀ ਦੀ ਤਿਆਰੀ ਮੁਹਿੰਮ ਵਿੱਢਣ ਲਈ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਦੀ ਵਿਸਥਾਰੀ ਮੀਟਿੰਗ ਕੀਤੀ ਗਈ।
ਇਸ ਮੌਕੇ ਪੁੱਜੇ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਸੂਬਾ ਕਨਵੀਨਰ ਅਤਿੰਦਰਪਾਲ ਸਿੰਘ ਘੱਗਾ ਨੇ ਦੱਸਿਆ ਕਿ 20 ਜੁਲਾਈ 2021 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ’ਤੇ ਥੋਪੇ ਨਵੇਂ ਸਕੇਲ ਰੱਦ ਕਰ ਕੇ ਪੁਰਾਣੇ ਸਕੇਲ (ਛੇਵੇਂ ਤਨਖਾਹ ਕਮਿਸ਼ਨ ਤਹਿਤ) ਬਹਾਲ ਕਰਵਾਉਣ, ਪੁਰਾਣੀ ਪੈਨਸ਼ਨ ਦੀ ਮੰਗ ਤੋਂ ਇਲਾਵਾ ਪੇਂਡੂ ਭੱਤੇ ਸਮੇਤ ਕੱਟੇ ਗਏ 37 ਭੱਤੇ ਅਤੇ ਏ ਸੀ ਪੀ ਦੀ ਪ੍ਰਮੁੱਖ ਮੰਗ ਦੀ ਬਹਾਲੀ ਲਈ ‘ਪੁਰਾਣੇ ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ’ ਵੱਲੋਂ 15 ਫਰਵਰੀ ਨੂੰ ਸੰਗਰੂਰ ਵਿੱਚ ਕੀਤੀ ਜਾ ਰਹੀ ਵਿਸ਼ਾਲ ਰੈਲੀ ’ਚ ਪੂਰੇ ਪੰਜਾਬ ਤੋਂ ਅਧਿਆਪਕ ਅਤੇ ਮੁਲਾਜ਼ਮ ਭਰਵੀਂ ਸ਼ਮੂਲੀਅਤ ਕਰਨਗੇ।
ਇਸ ਮੌਕੇ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਰੱਖੜਾ, ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਤੋਂ ਰਮਨਪ੍ਰੀਤ ਕੌਰ ਤੇ ਵਿਨੋਦ ਕੁਮਾਰ, 6635 ਤੋਂ ਖੁਸ਼ਪ੍ਰੀਤ ਸਿੰਘ ਲਾਡੀ, 4161 ਤੋਂ ਗੁਰਧਿਆਨ ਸਿੰਘ, ਕਲੈਰੀਕਲ ਯੂਨੀਅਨ ਤੋਂ ਉਪਿੰਦਰ ਸਿੰਘ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਤੋਂ ਸਤਪਾਲ ਸਮਾਣਵੀ ਨੇ ਦੱਸਿਆ ਕਿ ਰੈਲੀ ਲਈ ਜ਼ਿਲ੍ਹਾ ਪਟਿਆਲਾ ਦੇ ਹਰੇਕ ਬਲਾਕ ’ਚੋਂ ਇੱਕ-ਇੱਕ ਬੱਸ ਲਿਜਾਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਤਿਆਰੀ ਲਈ ਬਲਾਕ ਪੱਧਰੀ ਮੀਟਿੰਗਾਂ ਕਰ ਕੇ ਲਾਮਬੰਦੀ ਮੁਹਿੰਮ ਵੀ ਵਿੱਢੀ ਜਾਵੇਗੀ।
ਇਸ ਮੌਕੇ ਮੀਟਿੰਗ ਵਿੱਚ ਜਸਪਾਲ ਚੌਧਰੀ, ਗੁਰਜੀਤ ਘੱਗਾ, ਸੁਮਨ ਲਤਾ, ਗੁਰਪ੍ਰੀਤ ਸਿੰਘ, ਨਵਦੀਪ ਸਿੰਘ, ਰਾਜਿੰਦਰ ਸਮਾਣਾ, ਜਗਜੀਤ ਸਿੰਘ, ਹਰਵਿੰਦਰ ਬੇਲੂਮਾਜਰਾ, ਰਾਮ ਸ਼ਰਨ, ਗੁਰਵਿੰਦਰ ਖਟੜਾ, ਸ਼ੰਕਰ ਸਿੰਘ, ਕ੍ਰਿਸ਼ਨ ਚੁਹਾਣਕੇ, ਹਰਿੰਦਰ ਪਟਿਆਲਾ, ਰਵਿੰਦਰ ਕੰਬੋਜ, ਭਜਨ ਸਿੰਘ ਅਤੇ ਪਵਨ ਕੁਮਾਰ ਹਾਜ਼ਰ ਸਨ।

