ਘਰ ਦੀ ਕੁਰਕੀ ਲਈ ਆਏ ਅਧਿਕਾਰੀ ਬੇਰੰਗ ਪਰਤੇ
ਸ਼ਹਿਰ ਦੇ ਗ਼ਰੀਬ ਮਜ਼ਦੂਰ ਦੇ ਘਰ ਦੀ ਕੁਰਕੀ ਕਰਨ ਆਏ ਬੈਂਕ ਅਧਿਕਾਰੀਆਂ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵਿਰੋਧ ਕਰਨ ਤੇ ਬੈਂਕ ਕਰਮਚਾਰੀਆਂ ਨੂੰ ਬੇਰੰਗ ਪਰਤਣਾ ਪਿਆ। ਬਲਾਕ ਪ੍ਰਧਾਨ ਸੁਖਦੇਵ ਸਿੰਘ ਕੜੈਲ ਅਤੇ ਬਲਾਕ ਜਰਨਲ ਸਕੱਤਰ ਰਿੰਕੂ ਮੂਣਕ ਨੇ...
ਸ਼ਹਿਰ ਦੇ ਗ਼ਰੀਬ ਮਜ਼ਦੂਰ ਦੇ ਘਰ ਦੀ ਕੁਰਕੀ ਕਰਨ ਆਏ ਬੈਂਕ ਅਧਿਕਾਰੀਆਂ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵਿਰੋਧ ਕਰਨ ਤੇ ਬੈਂਕ ਕਰਮਚਾਰੀਆਂ ਨੂੰ ਬੇਰੰਗ ਪਰਤਣਾ ਪਿਆ।
ਬਲਾਕ ਪ੍ਰਧਾਨ ਸੁਖਦੇਵ ਸਿੰਘ ਕੜੈਲ ਅਤੇ ਬਲਾਕ ਜਰਨਲ ਸਕੱਤਰ ਰਿੰਕੂ ਮੂਣਕ ਨੇ ਦੱਸਿਆ ਹੈ ਕਿ ਖਨੌਰੀ ਸ਼ਹਿਰ ਦੇ ਸਤਵੀਰ ਸਿੰਘ ਨੇ ਸਟੇਟ ਬੈਂਕ ਆਫ ਇੰਡੀਆਂ ਤੋਂ ਪੰਜ ਲੱਖ ਰੁਪਏ ਮਕਾਨ ਬਣਾਉਣ ਲਈ ਕਰਜ਼ਾ ਲਿਆ ਸੀ। ਸਤਵੀਰ ਸਿੰਘ ਪੰਜ ਲੱਖ ਪੰਝੀ ਹਜ਼ਾਰ ਰੁਪਏ ਮੋੜ ਚੁਕਿਆ ਹੈ । ਬੈਂਕ ਨੇ ਚਾਰ ਲੱਖ ਤੋਂ ਵੱਧ ਕਰਜ਼ਾ ਹੋਰ ਸਤਵੀਰ ਸਿੰਘ ਵੱਲ ਕੱਢਿਆ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਦੌਰਾਨ ਸਤਵੀਰ ਸਿੰਘ ਬੂਟ ਚੱਪਲਾਂ ਵੇਚਦਾ ਸੀ, ਉਹਦਾ ਕੰਮ ਬੰਦ ਹੋ ਜਾਣ ਕਾਰਨ ਉਹ ਕਿਸ਼ਤਾਂ ਨਹੀਂ ਭਰ ਸਕਿਆ। ਉਨ੍ਹਾਂ ਕਿਹਾ ਹੈ ਕਿ ਇੱਕ ਪਾਸੇ ਸਰਕਾਰ ਨੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਕਰੋਨਾ ਦੌਰਾਨ ਇਹ ਕਹਿ ਕੇ ਮੁਆਫ਼ ਕਰ ਦਿੱਤੇ ਸਨ ਕਿ ਉਨ੍ਹਾਂ ਦੇ ਕਾਰਖਾਨੇ ਬੰਦ ਹੋਣ ਕਰਕੇ ਉਹ ਕਰਜ਼ਾ ਮੋੜ ਨਹੀਂ ਸਕਦੇ। ਦੂਜੇ ਪਾਸੇ ਗਰੀਬ ਕਿਸਾਨਾਂ, ਮਜ਼ਦੂਰਾਂ ਨੂੰ ਰਾਹਤ ਦੇਣ ਦੀ ਬਜਾਏ ਕਰਜ਼ਾ ਚਾਰ ਗੁਣਾਂ ਤੋਂ ਵੱਧ ਭਰਵਾਇਆ ਜਾ ਰਿਹਾ ਹੈ। ਕਰਜ਼ਾ ਨਾ ਮੋੜਨ ਵਾਲੇ ਲੋਕਾਂ ਦੇ ਘਰਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਕਦੇ ਕਿਸੇ ਦੇ ਘਰ ਦੀ ਕੁਰਕੀ ਨਹੀਂ ਹੋਣ ਦੇਵੇਗੀ । ਬੈਂਕ ਮੈਨੇਜਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਹੈ ਕਿ ਕਿਸਾਨ ਜਥੇਬੰਦੀ ਨੂੰ ਕਿਹਾ ਹੈ ਕਿ ਉਹ ਜਿੰਨੇ ਪੈਸੇ ਭਰ ਸਕਦੇ ਹਨ ਲਿਖਤੀ ਰੂਪ ਵਿੱਚ ਦੇ ਦੇਣ। ਉਹ ਉੱਚ ਅਧਿਕਾਰੀਆਂ ਨੂੰ ਭੇਜ ਦੇਣਗੇ।
ਇਸ ਮੌਕੇ ਬਲਾਕ ਆਗੂ ਬੱਬੂ ਚੱਠਾ, ਬੰਟੀ ਢੀਂਡਸਾ, ਕੁਲਦੀਪ ਗੁਲਾੜੀ, ਰਮੇਸ਼ ਅਣਦਾਣਾ ਖਨੌਰੀ ਇਕਾਈ ਦੇ ਪ੍ਰਧਾਨ ਜਗਪਾਲ ਸਿੰਘ ਹਾਜ਼ਰ ਸਨ।

