ਕਿਰਤ ਕੋਡ ਦੇ ਖਰੜਾ ਨੇਮ ਸਿਰਫ਼ ਅੰਗਰੇਜ਼ੀ ’ਚ ਜਾਰੀ ਕਰਨ ’ਤੇ ਇਤਰਾਜ਼
ਨਿਯਮ ਪੰਜਾਬੀ ’ਚ ਬਣਾ ਕੇ ਸੁਝਾਅ ਲਏ ਜਾਣ: ਭਾਸ਼ਾ ਵਿਭਾਗ
ਕਿਰਤ ਵਿਭਾਗ ਵੱਲੋਂ ਨਵੇਂ ਕਿਰਤ ਕੋਡ ਸਬੰਧੀ ਖਰੜਾ ਨਿਯਮ ਜਾਰੀ ਕਰ ਕੇ 20 ਫਰਵਰੀ ਤੱਕ ਸੁਝਾਅ ਤੇ ਇਤਰਾਜ਼ ਮੰਗੇ ਗਏ ਹਨ ਪਰ ਕਿਰਤੀਆਂ ਨਾਲ ਸਬੰਧਤ ਇਹ ਨਿਯਮ ਸਿਰਫ਼ ਅੰਗਰੇਜ਼ੀ ਭਾਸ਼ਾ ਵਿੱਚ ਹੀ ਜਾਰੀ ਕੀਤੇ ਗਏ ਹਨ। ਭਾਸ਼ਾ ਨੂੰ ਲੈ ਕੇ ਇਤਰਾਜ਼ ਮਿਲਣ ’ਤੇ ਭਾਸ਼ਾ ਵਿਭਾਗ ਨੇ ਕਿਰਤ ਵਿਭਾਗ ਨੂੰ ਪੱਤਰ ਲਿਖ ਕੇ ਖਰੜਾ ਨਿਯਮ ਪੰਜਾਬੀ ਵਿੱਚ ਵੀ ਜਾਰੀ ਕਰਨ ਲਈ ਕਿਹਾ ਹੈ। ਡਾ. ਅੰਬੇਡਕਰ ਵਰਕਰਜ਼ ਯੂਨੀਅਨ ਵੱਲੋਂ ਇਤਰਾਜ਼ ਦਰਜ ਕਰਵਾਇਆ ਗਿਆ ਹੈ ਕਿ ਖਰੜਾ ਨਿਯਮ ਖੇਤਰੀ ਭਾਸ਼ਾ ’ਚ ਜਾਰੀ ਨਾ ਕਰਨਾ ਸੂਬੇ ਦੀ ਵੱਡੀ ਆਬਾਦੀ ਦੇ ਹੱਕਾਂ ਦਾ ਘਾਣ ਹੈ। ਯੂਨੀਅਨ ਪ੍ਰਧਾਨ ਸਰਦਾਰਾ ਸਿੰਘ ਨੇ ਕਿਹਾ ਕਿ ਇਸਦਾ ਮਤਲਬ ਸਰਕਾਰ ਕਿਰਤੀ ਵਰਗ ਕੋਲੋਂ ਸੁਝਾਅ ਜਾਂ ਇਤਰਾਜ਼ ਲੈਣਾ ਹੀ ਨਹੀਂ ਚਾਹੁੰਦੀ ਤੇ ਸਾਨੂੰ ਭਾਸ਼ਾ ਦੇ ਆਧਾਰ ’ਤੇ ਬਾਹਰ ਕੱਢਿਆ ਜਾ ਰਿਹਾ ਹੈ। ਯੂਨੀਅਨ ਵੱਲੋਂ ਇਤਰਾਜ਼ ਪ੍ਰਾਪਤ ਹੋਣ ਉਪਰੰਤ ਭਾਸ਼ਾ ਵਿਭਾਗ ਨੇ ਕਿਰਤ ਵਿਭਾਗ ਨੂੰ ਪੱਤਰ ਲਿਖ ਕੇ ਖਰੜਾ ਨਿਯਮ ਪੰਜਾਬੀ ਵਿੱਚ ਵੀ ਜਾਰੀ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਭਾਸ਼ਾ ਵਿਭਾਗ 64 ਸਰਕਾਰੀ ਵਿਭਾਗਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਪੰਜਾਬ ਰਾਜ ਭਾਸ਼ਾ ਕਾਨੂੰਨ ਯਾਦ ਕਰਵਾ ਚੁੱਕਾ ਹੈ।

