ਸਮਾਣਾ (ਅਸ਼ਵਨੀ ਗਰਗ): ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਨਰਸਿੰਗ ਸਟਾਫ਼ ਵੱਲੋਂ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਐਂਡ ਯੂਟੀ ਦੇ ਸੱਦੇ ’ਤੇ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਸਥਾਨਕ ਸਿਵਲ ਹਸਪਤਾਲ ਵਿੱਚ ਅੱਜ ਨਰਸਿੰਗ ਸਟਾਫ਼ ਵੱਲੋਂ ਕੰਮ ਦਾ ਪੂਰਨ ਤੌਰ ’ਤੇ ਬਾਈਕਾਟ ਕਰਦਿਆਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ। ਨਰਸਿੰਗ ਸਟਾਫ਼ ਦੇ ਮੈਂਬਰਾਂ ਰੁਪਿੰਦਰ ਜੀਤ ਕੌਰ, ਬਲਜੀਤ ਕੌਰ ਤੇ ਰਣਜੀਤ ਕੌਰ ਆਦਿ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਵੱਲੋਂ ਆਪਣੀਆਂ ਹੱਕੀ ਮੰਗਾਂ- ਛੇਵੇਂ ਪੇ ਕਮਿਸ਼ਨ ਵਿੱਚ ਘਟਾਈਆਂ ਗਈਆਂ ਤਨਖ਼ਾਹਾਂ ਤੇ ਹੋਰ ਭੱਤਿਆਂ ਨੂੰ ਮੁੜ ਦਰੁੱਸਤ ਕਰਨ, ਕੱਚੇ ਨਰਸਿੰਗ ਸਟਾਫ਼ ਨੂੰ ਤੁਰੰਤ ਪੱਕੇ ਕਰਨ ਤੇ ਹੋਰ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ ਸੀ ਜਿਸ ਦੌਰਾਨ ਸਿਹਤ ਮੰਤਰੀ ਵੱਲੋਂ ਛੇਤੀ ਹੀ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦੇ ਕੇ ਉਨ੍ਹਾਂ ਦੀ ਹੜਤਾਲ ਖ਼ਤਮ ਕਰਵਾ ਦਿੱਤੀ ਗਈ ਸੀ ਪਰ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਬੀਤਣ ਦੇ ਬਾਵਜੂਦ ਉਨ੍ਹਾਂ ਦੀਆਂ ਮੰਗਾਂ ਵੱਲ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਜਿਸ ਕਾਰਨ ਹੁਣ ਉਨ੍ਹਾਂ ਨੂੰ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀ ਸਾਰੀਆਂ ਮੰਗਾਂ ਹੱਲ ਨਹੀਂ ਹੁੰਦੀਆਂ, ਉਸ ਸਮੇਂ ਤੱਕ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ। ਇਸ ਮੌਕੇ ਨਰਸਿੰਗ ਸਟਾਫ਼ ਮੈਂਬਰ ਕਮਲਜੀਤ ਕੌਰ, ਗੁਰਪ੍ਰੀਤ ਕੌਰ, ਨਵਦੀਪ ਕੌਰ, ਮਨਮੀਤ ਕੌਰ ਤੇ ਸੁਖਦਰਸ਼ਨ ਕੌਰ ਹਾਜ਼ਰ ਸਨ।