ਬਹਾਦਰ ਸਿੰਘ ਮਰਦਾਂਪੁਰ
ਘਨੌਰ, 18 ਅਕਤੂਬਰ
ਇਸ ਖਿੱਤੇ ਵਿੱਚ ਅੱਜ ਲਗਾਤਾਰ ਦੂਜੇ ਦਿਨ ਮੌਸਮ ਦੇ ਵਿਗਾੜ ਦੌਰਾਨ ਦਿਨ ਭਰ ਬੁੰਦਾ-ਬਾਦੀ ਜਾਰੀ ਰਹਿਣ ਕਾਰਨ ਝੋਨੇ ਦੀ ਪੱਕੀ ਹੋਈ ਫਸਲ ਦੀ ਵਾਢੀ ਨਹੀਂ ਹੋ ਸਕੀ ਜਿਸ ਨੂੰ ਲੈ ਕੇ ਕਿਸਾਨ ਚਿੰਤਤ ਹੈ। ਇਸੇ ਦੌਰਾਨ ਮੌਸਮ ਵਿੱਚ ਸਿਲ ਹੋ ਜਾਣ ’ਤੇ ਘਨੌਰ ਦੀਆਂ ਮੰਡੀਆਂ ਵਿੱਚ ਦੋ ਦਿਨਾਂ ਦੌਰਾਨ ਆਮਦ ਹੋਏ ਹਜ਼ਾਰਾਂ ਕੁਇੰਟਲ ਝੋਨੇ ਦੀ ਬੋਲੀ ਨਹੀਂ ਲੱਗੀ। ਮੰਡੀਆਂ ਵਿੱਚ ਪਈਆਂ ਸੈਂਕੜੇ ਢੇਰੀਆਂ ਝੋਨਾ ਤਰਪਾਲਾਂ ਨਾਲ ਢਕਿਆ ਢਕਾਇਆ ਰਹਿ ਗਿਆ। ਜਦੋਂ ਕਿ ਰਾਜਪੁਰਾ ਦੀਆਂ ਮੰਡੀਆਂ ਵਿੱਚ ਦੋ ਦਿਨ ਪਹਿਲਾਂ ਤੱਕ ਰੋਜ਼ਾਨਾ ਆਮਦ ਹੋ ਰਹੀ ਕਰੀਬ 70 ਹਜ਼ਾਰ ਕੁਇੰਟਲ ਝੋਨੇ ਦੀ ਆਮਦ ਵੀ ਘੱਟ ਕੇ 30 ਫੀਸਦੀ ਰਹਿ ਗਈ ਅਤੇ ਅੱਜ ਰਾਜਪੁਰਾ ਦੀ ਮੰਡੀ ਵਿੱਚ ਕੇਵਲ 25000 ਕੁਵਿੰਟਲ ਝੋਨੇ ਦੀ ਬੋਲੀ ਲੱਗ ਸਕੀ। ਮਾਰਕੀਟ ਕਮੇਟੀ ਰਾਜਪੁਰਾ ਤੇ ਘਨੌਰ ਦੇ ਸਕੱਤਰ ਜੈ ਵਿਜੈ ਨੇ ਦੱਸਿਆ ਕਿ ਮੌਸਮ ਵਿੱਚ ਆਏ ਵਿਗਾੜ ਕਾਰਨ ਜਿਥੇ ਰਾਜਪੁਰਾ ਦੀਆਂ ਮੰਡੀਆਂ ਵਿੱਚ ਦੋ ਦਿਨਾਂ ਦੌਰਾਨ ਝੋਨੇ ਦੀ ਆਮਦ ਘਟੀ ਹੈ। ਉਥੇ ਹੀ ਮੌਸਮ ਦੀ ਖ਼ਰਾਬੀ ਕਾਰਨ ਘਨੌਰ ਦੀਆਂ ਮੰਡੀਆਂ ਵਿੱਚ ਅੱਜ ਇੱਕ ਵੀ ਝੋਨੇ ਦੀ ਢੇਰੀ ਨਹੀਂ ਵਿਕੀ। ਉਧਰ ਮੌਸਮ ਦੇ ਵਿਗਾੜ ਕਾਰਨ ਪੱਕੀ ਹੋਈ ਝੋਨੇ ਦੀ ਫਸਲ ਨਾ ਸਾਂਭੇ ਜਾਣ ’ਤੇ ਕਿਸਾਨਾਂ ਨੂੰ ਵਿੱਤੀ ਨੁਕਸਾਨ ਸਹਿਣਾ ਪੈ ਸਕਦਾ ਹੈ। ਇਸ ਦੇ ਨਾਲ ਕਣਕ ਅਤੇ ਆਲੂ ਸਮੇਤ ਹੋਰਨਾਂ ਸਬਜ਼ੀਆਂ ਦੀ ਬਿਜਾਈ ਦੀ ਪੱਛੜ ਸਕਦੀ ਹੈ।