ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 29 ਅਗਸਤ
ਇੱਥੇ ਤਹਿਸੀਲ ਦਫ਼ਤਰ ਵਿੱਚ ਕਥਿਤ ਰਿਸ਼ਵਤਖ਼ੋਰੀ ਦੀਆਂ ਸ਼ਿਕਾਇਤਾਂ ਮਿਲਣ ’ਤੇ ਹਲਕਾ ਵਿਧਾਇਕ ਨੀਨਾ ਮਿੱਤਲ ਦੇ ਵਿਰੋਧੀ ਧੜੇ ਵਜੋਂ ਜਾਣੇ ਜਾਂਦੇ ਅਤੇ ਆਮ ਆਦਮੀ ਪਾਰਟੀ ਦੇ ਸਰਗਰਮ ਵਰਕਰਾਂ ਨੇ ਵਫ਼ਦ ਦੇ ਰੂਪ ਵਿਚ ਤਹਿਸੀਲ ਕੰਪਲੈਕਸ ਦਾ ਦੌਰਾ ਕੀਤਾ। ਵਫ਼ਦ ਜਿਸ ਵਿਚ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਗੁਰਪ੍ਰੀਤ ਸਿੰਘ ਧਮੋਲੀ, ਬਲਾਕ ਪ੍ਰਧਾਨ ਦਿਨੇਸ਼ ਮਹਿਤਾ, ਮਨਿਉਰਿਟੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਇਸਲਾਮ ਅਲੀ, ਬਲਾਕ ਪ੍ਰਧਾਨ ਕੁਲਦੀਪ ਸਿੰਘ, ਯੂਥ ਆਗੂ ਅਮਰੀਕ ਸਿੰਘ ਫਰੀਦਪੁਰ, ਸੰਦੀਪ ਸ਼ਰਮਾ ਅਤੇ ਧਨਵੰਤ ਸਿੰਘ ਸ਼ਾਮਲ ਸਨ, ਨੇ ਤਹਿਸੀਲਦਾਰ ਰਮਨਦੀਪ ਕੌਰ ਨਾਲ ਮੁਲਾਕਾਤ ਕੀਤੀ ਅਤੇ ਤਹਿਸੀਲ ਵਿੱਚ ਫੈਲੇ ਹੋਏ ਭ੍ਰਿਸ਼ਟਾਚਾਰ ਸਬੰਧੀ ਗੱਲ ਕੀਤੀ।
ਵਫ਼ਦ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਤਹਿਸੀਲ ਦੇ ਦੌਰੇ ਦੌਰਾਨ ਰਜਿਸਟਰੀਆਂ ਕਰਵਾਉਣ ਲਈ ਆਏ ਲੋਕਾਂ ਨਾਲ ਗੱਲ ਕੀਤੀ ਤਾਂ ਸਾਹਮਣੇ ਆਇਆ ਕਿ ਕੁਝ ਦਲਾਲ ਵਸੀਕਾ ਨਵੀਸ ਨਿਰਧਾਰਿਤ ਫ਼ੀਸ ਤੋਂ ਦੁੱਗਣੀ ਫ਼ੀਸ ਵਸੂਲ ਕੇ ਲੋਕਾਂ ਦੀਆਂ ਜੇਬਾਂ ਉਪਰ ਡਾਕਾ ਮਾਰ ਰਹੇ ਹਨ। ਉਨ੍ਹਾਂ ਦੱਸਿਆ ਕਿ ਵਸੀਕਾ ਨਵੀਸਾਂ ਵੱਲੋਂ ਤਹਿਸੀਲਦਾਰ ਦੇ ਨਾਮ ’ਤੇ ਵੱਧ ਪੈਸੇ ਮੰਗੇ ਜਾ ਰਹੇ ਹਨ। ਤਹਿਸੀਲਦਾਰ ਰਮਨਦੀਪ ਕੌਰ ਨੇ ਤੁਰੰਤ ਐਕਸ਼ਨ ਲੈਂਦਿਆਂ ਆਪਣੇ ਦਫ਼ਤਰ ਦੇ ਬਾਹਰ ਪੋਸਟਰ ਚਿਪਕਾ ਦਿੱਤਾ ਕਿ ਰਜਿਸਟਰੀ ਕਰਵਾਉਣ ਵੇਲ਼ੇ ਕੇਵਲ ਵੇਚਣ ਵਾਲ਼ੀ ਅਤੇ ਖ਼ਰੀਦਦਾਰ ਧਿਰ ਹੀ ਅੰਦਰ ਦਾਖਲ ਹੋਵੇ। ਇਵੇਂ ਰਾਜਪੁਰਾ ਤਹਿਸੀਲ ਦਲਾਲਾਂ ਅਤੇ ਅਰਜ਼ੀ ਨਵੀਸਾਂ ਦੀ ਨਾਜਾਇਜ਼ ਐਂਟਰੀ ਬੰਦ ਕਰਵਾਉਣ ਵਾਲ਼ੀ ਪੰਜਾਬ ਦੀ ਪਹਿਲੀ ਤਹਿਸੀਲ ਬਣ ਗਈ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਧਮੋਲੀ ਨੇ ਦੱਸਿਆ ਕਿ ਚੈਕਿੰਗ ਦੌਰਾਨ ਉਨ੍ਹਾਂ ਨੇ ਮੌਕੇ ’ਤੇ ਹੀ ਇਕ ਅਰਜ਼ੀ ਨਵੀਸ ਨੂੰ ਰਜਿਸਟਰੀ ਵੇਲ਼ੇ ਵੱਧ ਵਸੂਲੀ ਕਰਦਿਆਂ ਫੜ ਕੇ ਤਹਿਸੀਲਦਾਰ ਰਮਨਦੀਪ ਕੌਰ ਸਾਹਮਣੇ ਪੇਸ਼ ਕੀਤਾ ਜਿਸ ਨੇ ਆਪਣੀ ਗ਼ਲਤੀ ਮੰਨ ਲਈ। ਤਹਿਸੀਲਦਾਰ ਨੇ ਉਸ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ। ਇਸ ਮੌਕੇ ਗੱਲ ਕਰਨ ’ਤੇ ਤਹਿਸੀਲਦਾਰ ਰਮਨਦੀਪ ਕੌਰ ਨੇ ਕਿਹਾ ਕਿ ਤਹਿਸੀਲ ਵਿੱਚ ਕਿਸੇ ਕਿਸਮ ਦੀ ਰਿਸ਼ਵਤ ਲੈਣ ਵਾਲ਼ੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ।