ਹਾਦਸਿਆ ਤੋਂ ਸਬਕ ਲੈ ਕੇ ਨਿਯਮਾਂ ਦੀ ਪਾਲਣਾ ਕਰਨ ਦੀ ਲੋੜ: ਚੀਮਾ
ਸੁਭਾਸ਼ ਚੰਦਰ
ਸਮਾਣਾ, 13 ਮਈ
ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜਨਰਲ ਸਕੱਤਰ ਦਲਜੀਤ ਸਿੰਘ ਚੀਮਾ ਨੇ ਪਿਛਲੇ ਦਿਨੀਂ ਸਮਾਣਾ-ਪਟਿਆਲਾ ਸੜਕ ਤੇ ਵਾਪਰੇ ਦਰਦਨਾਕ ਹਾਦਸੇ ’ਚ ਡਰਾਈਵਰ ਸਣੇ ਫੌਤ ਹੋਏ 7 ਮਾਸੂਮ ਬੱਚਿਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਸਮਾਣਾ ਪਹੁੰਚ ਕੇ ਹਮਦਰਦੀ ਪ੍ਰਗਟਾਈ। ਇਸ ਮੌਕੇ ਉਨ੍ਹਾਂ ਨਾਲ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਪੰਜਰਥ, ਜਗਮੀਤ ਸਿੰਘ ਹਰਿਆਓ, ਸੁਭਾਸ਼ ਪੰਜਰਥ, ਨੰਬਰਦਾਰ ਗੁਰਸੇਵ ਸਿੰਘ ਕੁਲਬੁਰਛਾਂ ਵੀ ਮੌਜੂਦ ਸਨ।
ਇਸ ਮੌਕੇ ਡਾ. ਚੀਮਾ ਨੇ ਆਖਿਆ,‘‘ਪੰਜਾਬ ਵਿੱਚ ਹੋ ਰਹੇ ਹਾਦਸੇ ਬੇਹੱਦ ਚਿੰਤਾ ਦਾ ਵਿਸ਼ਾ ਹਨ, ਪਰ ਇਨ੍ਹਾਂ ਹਾਦਸਿਆ ਤੋਂ ਕੋਈ ਸਬਕ ਨਹੀਂ ਲੈਂਦੇ ਸਗੋਂ ਮ੍ਰਿਤਕਾਂ ਦੇ ਭੋਗ ਤੱਕ ਹੀ ਹਮਦਰਦੀ ਕਰਨ ਤੱਕ ਸੀਮਿਤ ਹੋ ਕੇ ਰਹਿ ਜਾਂਦੇ ਹਾਂ।’’ ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਹਾਦਸਿਆ ਤੋਂ ਸਬਕ ਲੈ ਕੇ ਟਰੈਫਿਕ ਨਿਯਮਾਂ ਨੂੰ ਸਖਤ ਬਣਾ ਕੇ ਲਾਗੂ ਕਰਨਾ ਚਾਹੀਦਾ ਹੈ। ਇਹ ਹਾਦਸੇ ਭਾਵੇਂ ਸੜਕੀ ਹੋਣ ਜਾਂ ਜ਼ਹਿਰੀਲੀ ਸ਼ਰਾਬ ਦੇ ਹੋਣ, ਸਮਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਹਨ। ਅੰਮ੍ਰਿਤਸਰ ਜ਼ਿਲ੍ਹੇ ਵਿਚ ਵਾਪਰੇ ਜ਼ਹਿਰੀਲੀ ਸ਼ਰਾਬ ਕਾਂਡ ਦੀ ਸਖ਼ਤ ਨਿੰਦਾ ਕਰਦਿਆਂ ਡਾ. ਚੀਮਾ ਨੇ ਆਖਿਆ ਕਿ ਇਸ ਕਾਂਡ ਨੇ ਪੰਜਾਬ ਸਰਕਾਰ ਦੇ ‘ਨਸ਼ਿਆਂ ਵਿਰੁੱਧ ਯੁੱਧ’ ਮੁਹਿੰਮ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਦੀ ਹਰ ਮੁਹਿੰਮ ਜਲਦੀ ਹੀ ਦਮ ਤੋੜ ਦਿੰਦੀ ਹੈ। ਕਾਂਗਰਸ ਦੇ ਸਾਬਕਾ ਵਿਧਾਇਕ ਨਿਰਮਲ ਸਿੰਘ ਨੇ ਵੀ ਪੀੜਤ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।