ਪੰਜਾਬ ਤੇ ਪੰਥ ਲਈ ਸਾਂਝੇ ਸੰਘਰਸ਼ ਦੀ ਲੋੜ: Former MP Chandumajra
ਪੰਜਾਬ ਤੇ ਸਿੱਖ ਮਸਲਿਆਂ ਲਈ ਸਾਂਝੀ ਮੁਹਿੰਮ ਦਾ ਐਲਾਨ; ਇਕਜੁੱਟਤਾ ਦਾ ਸੱਦਾ
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਅਤੇ ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਪੰਜਾਬ ਅਤੇ ਪੰਥ ਨੂੰ ਸੰਕਟ ਵਿੱਚੋਂ ਕੱਢਣ ਲਈ ਸਮੂਹ ਪੰਜਾਬੀਆਂ ਨੂੰ ਸਾਂਝੇ ਸੰਘਰਸ਼ ਲਈ ਇਕੱਠੇ ਹੋਣ ਦੀ ਲੋੜ ਹੈ। ਉਨ੍ਹਾ ਕਿਹਾ ਕਿ ‘ਜਗਤ ਜੋਤਿ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ ਐਕਟ 2026)’ ਨੂੰ ਲੈ ਕੇ ਪੰਥਕ ਸਫਾਂ ਵਿੱਚ ਪੈਦਾ ਹੋਏ ਸ਼ੰਕੇ ਅਤੇ ਵਿਵਾਦਾਂ ਨੂੰ ਦੂਰ ਕਰਨ ਲਈ ਸਮੂਹ ਪੰਥਕ ਧਿਰਾਂ ਅਤੇ ਜਥੇਬੰਦੀਆਂ ਨੂੰ ਸਾਂਝੀ ਰਾਇ ਬਣਾਉਣੀ ਚਾਹੀਦੀ ਹੈ। ਇਹ ਕਾਨੂੰਨ ਸਿੱਖ ਪੰਥ ਨੂੰ ਵੰਡਣ ਅਤੇ ਆਪਸੀ ਟਕਰਾਅ ਪੈਦਾ ਕਰਨ ਵਾਲਾ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਕਈ ਅਹਿਮ ਮਸਲੇ ਲੰਬੇ ਸਮੇਂ ਤੋਂ ਅਣਸੁਲਝੇ ਪਏ ਹਨ। ਜਿਨ੍ਹਾਂ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਿਰਧ ਮਾਤਾ ਨੂੰ ਮਿਲਣ ਲਈ ਪੈਰੋਲ ਨਾ ਮਿਲਣਾ, ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਮੰਗ, ਬੰਦੀ ਸਿੰਘਾਂ ਦੀ ਰਿਹਾਈ, ਸ਼੍ਰੋਮਣੀ ਕਮੇਟੀ ਚੋਣਾਂ, ਵਧ ਰਹੀ ਬੇਰੁਜ਼ਗਾਰੀ, ਕੇਂਦਰੀ ਨੌਕਰੀਆਂ ਵਿੱਚ 10 ਫ਼ੀਸਦ ਰਾਖਵਾਂਕਰਨ ਤੇ ਵਿਸ਼ੇਸ਼ ਆਰਥਿਕ ਪੈਕੇਜ ਸਣੇ ਕਿਸਾਨੀ ਨਾਲ ਜੁੜੇ ਮਸਲੇ ਵੀ ਸ਼ਾਮਲ ਹਨ। ਇਨ੍ਹਾਂ ਮਸਲਿਆਂ ਨੂੰ ਲੈ ਕੇ 1 ਅਤੇ 2 ਜੂਨ ਨੂੰ ਪੰਜਾਬ ਭਰ ਵਿੱਚ ਜ਼ਿਲ੍ਹਾ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪੇ ਜਾਣਗੇ । ਉਨ੍ਹਾ ਕਿਹਾ ਕਿ ਇਸ ਤੋਂ ਬਾਅਦ ਇੱਕ ਉੱਚ ਪੱਧਰੀ ਡੈਲੀਗੇਸ਼ਨ ਪੰਜਾਬ ਦੇ ਰਾਜਪਾਲ ਅਤੇ ਦੇਸ਼ ਦੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰ ਕੇ ਪੰਜਾਬ ਅਤੇ ਸਿੱਖਾਂ ਦੇ ਮਸਲਿਆਂ ਬਾਰੇ ਜਾਣੂ ਕਰਵਾਏਗਾ। ਉਨ੍ਹਾਂ ਪੰਜਾਬ ਦੀਆਂ ਸਮੂਹ ਅਕਾਲੀ ਪਾਰਟੀਆਂ ਅਤੇ ਪੰਥਕ ਜਥੇਬੰਦੀਆਂ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਬਲਵਿੰਦਰ ਕਰਹੇੜੀ ਭੁਪਿੰਦਰ ਸ਼ੇਖੂਪੁਰ, ਸੁਖਵੀਰ ਅਬਲੋਵਾਲ, ਰਣਧੀਰ ਰੱਖੜਾ, ਹਰਵਿੰਦਰ ਡਡੋਆ, ਕੁਲਦੀਪ ਸਿੰਘ, ਖੁਸ਼ਵੰਤ ਸਢਿੱਲੋਂ, ਜਸਵਿੰਦਰਪਾਲ ਚੱਢਾ, ਗੁਰਚਰਨ ਕੌਲੀ, ਰਿੰਕੂ ਪਾਤੜਾਂ, ਕਰਮ ਸਿੰਘ, ਪਲਵਿੰਦਰ ਰਿੰਕੂ ਹਾਜ਼ਰ ਸਨ।

