ਗੁਰਨਾਮ ਸਿੰਘ ਅਕੀਦਾ
ਪਟਿਆਲਾ, 26 ਸਤੰਬਰ
ਪਟਿਆਲਾ ਦੇ ਭਗਵੰਤ ਸਿੰਘ ਦੇ ਘਰ ਜੰਮਪਲ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਪਟਿਆਲਾ ਦੀ ਲੀਡਰਸ਼ਿਪ ਤੋਂ ਦੂਰੀਆਂ ਬਣਾ ਕੇ ਰੱਖ ਰਹੇ ਹਨ। ਸਿੱਧੂ ਜਦੋਂ ਵੀ ਪਟਿਆਲਾ ਆਉਂਦੇ ਹਨ ਤਾਂ ਉਹ ਇਕੱਲੇ ਹੀ ਨਜ਼ਰ ਆਉਂਦੇ ਹਨ। ਕਈ ਵਾਰੀ ਉਨ੍ਹਾਂ ਨਾਲ ਕਾਂਗਰਸ ਪਾਰਟੀ ਵਿੱਚੋਂ ਕੱਢੇ ਹੋਏ ਜ਼ਿਲ੍ਹਾ ਪ੍ਰਧਾਨ ਰਹੇ ਨਰਿੰਦਰਪਾਲ ਲਾਲੀ ਨਜ਼ਰ ਆਉਂਦੇ ਹਨ ਜਾਂ ਫਿਰ ਕਦੇ ਕਦੇ ਸਾਬਕਾ ਵਿਧਾਇਕ ਕਾਕਾ ਰਾਜਿੰਦਰ ਸਿੰਘ ਉਨ੍ਹਾਂ ਨਾਲ ਹੁੰਦੇ ਹਨ ਪਰ ਹੋਰ ਪਟਿਆਲਾ ਦਾ ਛੋਟਾ ਜਾਂ ਵੱਡਾ ਲੀਡਰ ਕੋਈ ਵੀ ਨਵਜੋਤ ਸਿੱਧੂ ਨਾਲ ਨਹੀਂ ਹੁੰਦਾ। ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ਅਸਲ ਵਿੱਚ ਸ੍ਰੀ ਅੰਮ੍ਰਿਤਸਰ ਨੂੰ ਜ਼ਿਆਦਾ ਤਵੱਜੋ ਦਿੰਦੇ ਹਨ ਪਰ ਜਦੋਂ ਸੂਬਾ ਪ੍ਰਧਾਨ ਬਣੇ ਤਾਂ ਪੰਜਾਬ ਵਿੱਚ ਉਨ੍ਹਾਂ ਕਾਫ਼ੀ ਮਿਹਨਤ ਕੀਤੀ ਪਰ ਪਟਿਆਲਾ ਵਿੱਚ ਉਹ ਕੋਈ ਆਪਣਾ ਵਫ਼ਾਦਾਰ ਸਾਥੀ ਨਹੀਂ ਤਿਆਰ ਕਰ ਸਕੇ। ਪਹਿਲਾਂ ਪਟਿਆਲਾ ਕੈਪਟਨ ਅਮਰਿੰਦਰ ਸਿੰਘ ਦਾ ਜੱਦੀ ਸ਼ਹਿਰ ਹੋਣ ਕਰਕੇ ਇੱਥੇ ਨਵਜੋਤ ਦੀ ਦਾਲ ਨਹੀਂ ਗਲੀ, ਉਸ ਤੋਂ ਬਾਅਦ ਉਨ੍ਹਾਂ ਦਾ ਸਾਥੀ ਨਰਿੰਦਰਪਾਲ ਲਾਲੀ ਪਟਿਆਲਾ ਵਿੱਚ ਚੰਗੀਆਂ ਸਰਗਰਮੀਆਂ ਕਰਨ ਲੱਗ ਪਏ ਸਨ ਜਿਸ ਨੂੰ ਨਵਜੋਤ ਸਿੱਧੂ ਨੇ ਸੂਬਾ ਪ੍ਰਧਾਨ ਹੁੰਦਿਆਂ ਜ਼ਿਲ੍ਹਾ ਪਟਿਆਲਾ ਦਾ ਪ੍ਰਧਾਨ ਬਣਾ ਦਿੱਤਾ ਪਰ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੂਬਾ ਪ੍ਰਧਾਨ ਬਣਾਇਆ ਗਿਆ ਤਾਂ ਨਰਿੰਦਰਪਾਲ ਲਾਲੀ ’ਤੇ ਦੋਸ਼ ਲੱਗੇ ਕਿ ਉਹ ਕਾਂਗਰਸ ਪਾਰਟੀ ਤੇ ਰਾਜਾ ਵੜਿੰਗ ਖ਼ਿਲਾਫ਼ ਬੋਲਦਾ ਹੈ ਤੇ ਪਾਰਟੀ ਵਿਰੋਧੀ ਗਤੀਵਿਧੀਆਂ ਕਰਦਾ ਹੈ ਤਾਂ ਰਾਜਾ ਵੜਿੰਗ ਨੇ ਉਸ ਨੂੰ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਗਿਆ। ਉਦੋਂ ਨਵਜੋਤ ਸਿੱਧੂ ਨੇ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਪਾਰਟੀ ’ਚੋਂ ਕੱਢਣ ਦੀ ਕੋਈ ਗੱਲ ਨਹੀਂ ਹੈ ਮਿਹਨਤੀ ਬੰਦਾ ਆਪਣਾ ਕੰਮ ਕਰ ਲੈਂਦਾ ਹੈ। ਉਸ ਤੋਂ ਬਾਅਦ ਨਵਜੋਤ ਸਿੱਧੂ ਦਾ ਪਟਿਆਲਾ ਵਿੱਚ ਕੋਈ ਧੜਾ ਛੋਟੇ ਵੱਡੇ ਲੀਡਰਾਂ ਦਾ ਨਹੀਂ ਬਣ ਸਕਿਆ। ਹੁਣ ਜਦੋਂ ਵੀ ਪਟਿਆਲਾ ਆਉਂਦੇ ਹਨ ਤਾਂ ਆਪਣੀ ਰਿਹਾਇਸ਼ ਵਿੱਚ ਆ ਕੇ ਉਹ ਕੁਝ ਕੁ ਪੱਤਰਕਾਰਾਂ ਨਾਲ ਗੱਲ ਕਰਕੇ ਆਪਣਾ ਬਿਆਨ ਦੇ ਕੇ ਤੁਰਦੇ ਬਣਦੇ ਹਨ ਪਰ ਜੇਕਰ ਪਟਿਆਲਾ ਜ਼ਿਲ੍ਹੇ ਦਾ ਹਲਕਾ ਵਾਈਜ਼ ਵੀ ਦੇਖਿਆ ਜਾਵੇ ਤਾਂ ਹਰਦਿਆਲ ਕੰਬੋਜ, ਹੈਰੀਮਾਨ, ਮਦਨ ਲਾਲ ਜਲਾਲਪੁਰ, ਦਰਬਾਰਾ ਸਿੰਘ, ਸਾਧੂ ਸਿੰਘ ਧਰਮਸੋਤ, ਵਿਸ਼ਣੂ ਸ਼ਰਮਾ ਆਦਿ ਕੋਈ ਵੀ ਆਗੂ ਪਟਿਆਲਾ ਵਿੱਚ ਨਵਜੋਤ ਸਿੱਧੂ ਦੇ ਨਾਲ ਨਜ਼ਰ ਨਹੀਂ ਆਉਂਦਾ। ਇਸ ਬਾਰੇ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਨਰੇਸ਼ ਦੁੱਗਲ ਨੇ ਕਿਹਾ,‘ਸਾਨੂੰ ਜਦੋਂ ਵੀ ਹਾਈਕਮਾਂਡ ਦਾ ਹੁਕਮ ਆਵੇਗਾ ਤਾਂ ਅਸੀਂ ਉਸੇ ਵੇਲੇ ਨਵਜੋਤ ਸਿੱਧੂ ਨਾਲ ਤੁਰ ਪਵਾਂਗੇ, ਪਰ ਉਹ ਵੱਡਾ ਲੀਡਰ ਹੈ ਸ਼ਾਇਦ ਉਸ ਨੂੰ ਸਾਡੀ ਲੋੜ ਨਹੀਂ ਹੈ।’