ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਨੌਜਵਾਨ ਭਾਰਤ ਸਭਾ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਪਾਤੜਾਂ ਵਿੱਚ ਵਿਸ਼ਾਲ ਮੋਟਰਸਾਈਕਲ ਮਾਰਚ ਕੱਢਿਆ ਗਿਆ। ਮਾਰਚ ਵਿੱਚ ਵੱਡੀ ਗਿਣਤੀ ’ਚ ਨੌਜਵਾਨਾਂ ਨੇ ਭਾਗ ਲਿਆ ਅਤੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਲੋਕ ਹਿੱਤਾਂ ਨਾਲ ਜੁੜੀਆਂ ਮੰਗਾਂ ਨੂੰ ਉਭਾਰਿਆ। ਮਾਰਚ ਉਪਰੰਤ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਘਰ ਪਹੁੰਚ ਕੇ ਉਨ੍ਹਾਂ ਦੀ ਗ਼ੈਰਹਾਜ਼ਰੀ ਵਿੱਚ ਵਿਧਾਇਕ ਦੇ ਨਾਂ ਮੰਗ ਪੱਤਰ ਉਨ੍ਹਾਂ ਦੇ ਪੁੱਤਰ ਨੂੰ ਸੌਂਪਿਆ ਗਿਆ। ਸੂਬਾ ਕਮੇਟੀ ਮੈਂਬਰ ਦਵਿੰਦਰ ਛਬੀਲਪੁਰ, ਜ਼ਿਲ੍ਹਾ ਆਗੂ ਖੁਸ਼ਵੰਤ ਹਨੀ ਤੇ ਹਰਿੰਦਰ ਸੈਣੀਮਾਜਰਾ ਨੇ ਕਿਹਾ ਕਿ ਪਿੰਡਾਂ ਦੇ ਨੌਜਵਾਨਾਂ ਲਈ ਖੇਡ ਗਰਾਊਂਡ ਅਤੇ ਜਿਮਾਂ ਦਾ ਪ੍ਰਬੰਧ, ਕੱਚੇ ਘਰਾਂ ਵਿੱਚ ਰਹਿ ਰਹੇ ਗ਼ਰੀਬ ਪਰਿਵਾਰਾਂ ਨੂੰ ਵਿੱਤੀ ਸਹਾਇਤਾ, ਟੁੱਟੀਆਂ ਸੜਕਾਂ ਦੀ ਤੁਰੰਤ ਮੁਰੰਮਤ, ਪਾਤੜਾਂ ਤੋਂ ਪਟਿਆਲਾ ਤੱਕ ਬੱਸਾਂ ਦੇ ਰੂਟ ਅਤੇ ਗਿਣਤੀ ਵਿੱਚ ਵਾਧਾ ਤੇ ਪਾਤੜਾਂ ਦੇ ਸਰਕਾਰੀ ਹਸਪਤਾਲ ਵਿੱਚ 100 ਬੈੱਡਾਂ ਦਾ ਪ੍ਰਬੰਧ ਅਤੇ 24 ਘੰਟੇ ਐਮਰਜੈਂਸੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੀਆਂ ਮੰਗਾਂ ਸ਼ਾਮਲ ਸਨ। ਗੁਰਦੀਪ ਆਜ਼ਾਦ ਤੇ ਰਾਹੁਲ ਘੱਗਾ ਨੇ ਕਿਹਾ ਕਿ ਘੱਗਾ ਦੇ ਝੁੱਗੀਆਂ ਵਿੱਚ ਰਹਿ ਰਹੇ ਗਰੀਬੀ ਪਰਿਵਾਰਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਅਣਡਿੱਠ ਕੀਤਾ ਜਾ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇ ਝੁੱਗੀਆਂ ਵਾਲੇ ਮਾਮਲੇ ਦਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ 5 ਅਗਸਤ ਨੂੰ ਘੱਗਾ ਦੇ ਝੁੱਗੀਆਂ ਵਾਲੇ ਮਾਮਲੇ ਨੂੰ ਲੈ ਕੇ ਪਾਤੜਾਂ-ਪਟਿਆਲਾ ਮੁੱਖ ਸੜਕ ’ਤੇ ਰੋਡ ਜਾਮ ਕੀਤਾ ਜਾਵੇਗਾ। ਇਸ ਮੌਕੇ ਸੰਦੀਪ ਖੱਤਰੀ, ਮੰਗਾ ਸਮਾਣਾ, ਜਸਵੀਰ ਘੱਗਾ, ਰਾਹੁਲ ਘੱਗਾ, ਗੌਰਵ ਸ਼ੁਤਰਾਣਾ, ਪ੍ਰਦੀਪ ਨਾਨਕਪੁਰ, ਕਰਨ ਨਾਨਕਪੁਰ, ਖੁਸ਼ਦਿਲ ਖਾਨੇਵਾਲ, ਸੁਖਪਾਲ ਖਾਨੇਵਾਲ ਆਦਿ ਹਾਜ਼ਰ ਸਨ।
ਬਾਪੂ ਤਰਸੇਮ ਸਿੰਘ ਵੱਲੋਂ ਸ਼ਰਧਾਂਜਲੀ ਭੇਟ
ਸੁਨਾਮ ਊਧਮ ਸਿੰਘ ਵਾਲਾ (ਪੱਤਰ ਪ੍ਰੇਰਕ): ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਇੱਥੇ ਆਈ ਟੀ ਆਈ ਚੌਕ ਵਿੱਚ ਸਥਿਤ ਸ਼ਹੀਦ ਊਧਮ ਸਿੰਘ ਦੇ ਬੁੱਤ ’ਤੇ ਫੁੱਲ ਮਾਲਾਵਾਂ ਭੇਟ ਕਰ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਿਰਫ਼ ਯਾਦ ਕਰਨਾ ਹੀ ਕਾਫ਼ੀ ਨਹੀਂ ਸਗੋਂ ਉਨ੍ਹਾਂ ਦੇ ਆਦਰਸ਼ਾਂ ਅਤੇ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣਾ ਵੀ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਪ੍ਰਧਾਨ ਅਵਤਾਰ ਸਿੰਘ ਕਾਹਨਗੜ੍ਹ, ਸੀਨੀਅਰ ਆਗੂ ਚਮਨਦੀਪ ਸਿੰਘ ਮਿਲਖੀ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਕੀਰਤ ਸਿੰਘ ਲਖਮੀਰਵਾਲਾ, ਗੁਰਪ੍ਰੀਤ ਸਿੰਘ ਲਖਮੀਰਵਾਲਾ, ਹਰਮਨਜੀਤ ਸਿੰਘ (ਡਿੱਕੀ) ਜੈਂਜੀ, ਕੁਲਵੰਤ ਸਿੰਘ ਕਲਕੱਤਾ, ਕੁਲਦੀਪ ਸਿੰਘ ਛਾਜਲੀ ਅਤੇ ਕਰਮਜੀਤ ਸਿੰਘ ਸੁਨਾਮੀ ਮੌਜੂਦ ਸਨ।

