National Lok Adalat: ਕੌਮੀ ਲੋਕ ਅਦਾਲਤਾਂ ’ਚ ਆਪਸੀ ਸਮਝੌਤੇ ਰਾਹੀਂ ਕੇਸ ਨਿਬੇੜੇ
ਪਟਿਆਲਾ ਜ਼ਿਲ੍ਹੇ ਵਿੱਚ 31,679 ਕੇਸ ਵਿਚਾਰੇ ਤੇ 26,134 ਕੇਸਾਂ ਦਾ ਨਿਬੇਡ਼ਾ; ਸੰਗਰੂਰ ਵਿੱਚ 22 ਕਰੋਡ਼ ਦੇ ਅਵਾਰਡ ਸੁਣਾਏ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਜ਼ਿਲ੍ਹਾ ਅਦਾਲਤਾਂ, ਪਟਿਆਲਾ ਦੇ ਇੰਸਪੈਕਟਿੰਗ ਜੱਜ,ਜਸਟਿਸ ਅਲਕਾ ਸਰੀਨ ਨੇ ਅੱਜ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ (ਨਾਲਸਾ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਟਿਆਲਾ ਵਿੱਚ ਲਾਈ ਕੌਮੀ ਰਾਸ਼ਟਰੀ ਲੋਕ ਅਦਾਲਤ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਪਟਿਆਲਾ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਤੇ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਵਤਾਰ ਸਿੰਘ ਅਤੇ ਸਿਵਲ ਜੱਜ (ਸੀਨੀਅਰ ਡਿਵੀਜ਼ਨ)-ਕਮ-ਇੰਚਾਰਜ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਿਸ ਸ਼ਿਲਪੀ ਗੁਪਤਾ ਵੀ ਮੌਜੂਦ ਸਨ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਇੰਚਾਰਜ ਸਕੱਤਰ ਮਿਸ ਸ਼ਿਲਪੀ ਗੁਪਤਾ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਵਿੱਚ ਕੁੱਲ 17 ਜੁਡੀਸ਼ੀਅਲ ਬੈਂਚ ਬਣਾਏ ਗਏ ਸਨ, ਜਿਨ੍ਹਾਂ ਵਿੱਚੋਂ 11 ਪਟਿਆਲਾ ਵਿੱਚ ਅਤੇ ਦੋ-ਦੋ ਬੈਂਚ ਰਾਜਪੁਰਾ, ਨਾਭਾ ਅਤੇ ਸਮਾਣਾ ਵਿੱਚ ਸਥਾਪਤ ਕੀਤੇ ਗਏ ਸਨ। ਇਸ ਤੋਂ ਇਲਾਵਾ, ਮਿਊਟੇਸ਼ਨ (ਇੰਤਕਾਲ) ਅਤੇ ਵੰਡ ਵਰਗੇ ਮਾਮਲਿਆਂ ਨਾਲ ਸਬੰਧਤ ਕੇਸਾਂ ਦੇ ਨਿਪਟਾਰੇ ਲਈ ਮਾਲ ਅਦਾਲਤ (ਰੈਵੇਨਿਊ ਕੋਰਟ), ਪਟਿਆਲਾ ਵਿੱਚ ਵੱਖਰਾ ਬੈਂਚ ਬਣਾਇਆ ਗਿਆ ਸੀ। ਲੋਕ ਅਦਾਲਤ ਦੌਰਾਨ 31,679 ਕੇਸ ਵਿਚਾਰੇ ਗਏ ਅਤੇ 26,134 ਕੇਸਾਂ ਦਾ ਆਪਸੀ ਸਮਝੌਤੇ ਰਾਹੀਂ ਨਿਪਟਾਰਾ ਕੀਤਾ ਗਿਆ, ਜਿਸ ਵਿੱਚ ਕੁੱਲ 46,04,78,386 ਰੁਪਏ ਦੀ ਰਾਸ਼ੀ ਸ਼ਾਮਲ ਸੀ। ਇਸ ਰਾਸ਼ਟਰੀ ਲੋਕ ਅਦਾਲਤ ਦੀ ਇੱਕ ਮੁੱਖ ਵਿਸ਼ੇਸ਼ਤਾ ਪਰਿਵਾਰਕ ਅਦਾਲਤਾਂ ਵਿੱਚ ਲੰਬਿਤ ਪਏ ਪਰਿਵਾਰਕ ਝਗੜਿਆਂ ਦੇ 98 ਕੇਸਾਂ ਅਤੇ ਕੁੱਲ 6,62,99,741 ਰੁਪਏ ਦੀ ਰਾਸ਼ੀ ਵਾਲੇ ਚੈੱਕ ਬਾਊਂਸ ਦੇ 168 ਕੇਸਾਂ ਦਾ ਸੁਖਾਵੇਂ ਢੰਗ ਨਾਲ ਨਿਪਟਾਰਾ ਕਰਨਾ ਵੀ ਹੈ।
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਕਚਹਿਰੀਆਂ ਸੰਗਰੂਰ ਸਣੇ ਸੁਨਾਮ, ਮੂਨਕ ਅਤੇ ਧੂਰੀ ਵਿੱਚ ਅੱਜ ਲਗਾਈ ਗਈ ਕੌਮੀ ਲੋਕ ਅਦਾਲਤ ਦੌਰਾਨ ਨਿਪਟਾਰੇ ਲਈ ਰੱਖੇ ਗਏ ਕੁੱਲ 29,916 ਕੇਸਾਂ ਵਿੱਚੋਂ 29,189 ਕੇਸਾਂ ਦਾ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਵਾਇਆ ਗਿਆ। ਇਸ ਦੌਰਾਨ 22,18,31,676 ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਜਸਟਿਸ ਦੀਪਕ ਸਿਬਲ, ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ-ਕਮ-ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ ਏ ਐੱਸ ਨਗਰ ਅਤੇ ਜਸਟਿਸ ਪੰਕਜ ਜੈਨ, ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ-ਕਮ-ਪ੍ਰਬੰਧਕੀ ਜੱਜ, ਸੈਸ਼ਨਜ਼ ਡਿਵੀਜ਼ਨ ਸੰਗਰੂਰ ਦੀਆਂ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੌਮੀ ਲੋਕ ਅਦਾਲਤ ਲਗਾਈ ਗਈ।

