ਡੁੱਬੀਆਂ ਫ਼ਸਲਾਂ ਬਚਾਉਣ ਲਈ ਕੌਮੀ ਮਾਰਗ ਜਾਮ

ਡੁੱਬੀਆਂ ਫ਼ਸਲਾਂ ਬਚਾਉਣ ਲਈ ਕੌਮੀ ਮਾਰਗ ਜਾਮ

ਪਾਣੀ ਦੀ ਨਿਕਾਸੀ ਲਈ ਦਿੱਲੀ-ਸੰਗਰੂਰ ਮਾਰਗ ’ਤੇ ਧਰਨਾ ਦਿੰਦੇ ਹੋਏ ਕਿਸਾਨ।

ਗੁਰਨਾਮ ਸਿੰਘ ਚੌਹਾਨ  

ਪਾਤੜਾਂ, 4 ਅਗਸਤ

ਪਿੰਡ ਜੋਗੇਵਾਲਾ ਗੁਲਾਹੜ ਅਤੇ ਨਾਈਵਾਲਾ  ਦੀਆਂ ਨੀਵੀਆਂ ਥਾਵਾਂ ਬਰਸਾਤਾਂ ’ਚ ਭਰੇ ਪਾਣੀ ਕਾਰਨ ਡੁੱਬੀਆਂ ਫ਼ਸਲਾਂ ਨੂੰ ਬਚਾਉਣ ਲਈ ਪਾਣੀ ਦੇ ਨਿਕਾਸ ਦੀ ਮੰਗ ਨੂੰ ਲੈ ਕੇ ਪਿੰਡਾਂ ਦੇ ਲੋਕਾਂ ਵੱਲੋਂ ਅੱਜ ਫਿਰ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਜਾਮ ਕੀਤਾ ਗਿਆ। ਅਚਨਚੇਤ ਲੱਗੇ ਜਾਮ ਦੇ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਪ੍ਰਸ਼ਾਸਨ ਨੇ ਥੋੜ੍ਹੀ ਦੇਰ ਬਾਅਦ ਬਦਲਵੇਂ ਰਸਤਿਆਂ ਦਾ ਪ੍ਰਬੰਧ ਕੀਤਾ। ਕਈ ਘੰਟਿਆਂ ਮਗਰੋਂ ਤਹਿਸੀਲਦਾਰ ਹਰਮਿੰਦਰ ਸਿੰਘ ਗਿੱਲ ਵੱਲੋਂ ਬੰਨ੍ਹ ਖੁੱਲ੍ਹਵਾ ਦੇਣ ਤੇ ਸਰਕਾਰ ਨੂੰ ਪਾਣੀ ਦੇ ਨਿਕਾਸ ਲਈ ਡਰੇਨ ਬਣਾਉਣ ਦਾ ਕੇਸ ਬਣਾ ਕੇ ਭੇਜਣ ਦੇ ਭਰੋਸੇ ਮਗਰੋਂ ਕਿਸਾਨਾਂ ਨੇ ਜਾਮ ਖੋਲ੍ਹ ਕੇ ਆਵਾਜਾਈ ਬਹਾਲ ਕੀਤੀ।

ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਆਪਣੀਆਂ ਫ਼ਸਲਾਂ ਬਚਾਉਣ ਲਈ ਸ਼ੁੱਕਰਵਾਰ ਨੂੰ ਜਾਮ ਲਾਇਆ ਗਿਆ ਸੀ ਇਸੇ ਦੌਰਾਨ ਦੇਰ ਰਾਤ ਪ੍ਰਸ਼ਾਸਨ ਨੇ  ਸ਼ਨਿੱਚਵਾਰ ਨੂੰ ਦਸ ਵਜੇ ਸਵੇਰ ਤੱਕ ਪੁਲੀਆਂ ਖੁਲ੍ਹਵਾ ਦਿੱਤੇ ਜਾਣ ਦੇ ਦਿੱਤੇ ਭਰੋਸੇ ਮਗਰੋਂ ਖ਼ਤਮ ਕਰ ਦਿੱਤਾ ਗਿਆ ਸੀ। ਪ੍ਰਸ਼ਾਸਨ ਨੇ ਪੁਲੀਆਂ ਨੂੰ ਖੁੱਲ੍ਹਵਾ ਦਿੱਤਾ ਸੀ ਪਰ ਪਾਣੀ ਦਾ ਨਿਕਾਸ ਵਿੱਚ ਅੜਿੱਕਾ ਬਣਦੇ ਬੰਨ੍ਹ ਕਾਰਨ ਨਿਕਾਸ ਵਿਚ ਸਮੱਸਿਆ ਆ ਰਹੀ ਸੀ। ਕੱਲ੍ਹ ਪਏ ਮੀਂਹ ਕਾਰਨ ਫ਼ਸਲਾਂ ਮੁੜ ਡੁੱਬ ਗਈਆਂ ਹਨ। ਕਿਸਾਨਾਂ ਨੇ ਪ੍ਰਸ਼ਾਸਨ ਉੱਤੇ ਦੋਸ਼ ਲਾਇਆ ਹੈ ਕਿ ਪ੍ਰਸ਼ਾਸਨ ਪਾਣੀ ਦੀ ਨਿਕਾਸੀ ਕਰਵਾਉਣ ਵਿੱਚ ਨਾਕਾਮ ਰਿਹਾ ਹੈ, ਇਸੇ ਕਰ ਕੇ ਅੱਜ ਉਨ੍ਹਾਂ ਨੂੰ ਕੌਮੀ ਮੁੱਖ ਮਾਰਗ ਉੱਤੇ ਜਾਮ ਲਾਉਣਾ ਪਿਆ ਹੈ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਗੁਲਾਹੜ-ਜੋਗੇਵਾਲਾ ਸੜਕ ਉੱਤੇ ਦੱਬੀਆਂ ਪੁਲੀਆਂ ਸਾਹਮਣੇ ਬਣਾਇਆ ਗਿਆ ਬੰਨ੍ਹ ਖੁੱਲ੍ਹਵਾਉਣ ਦੇ ਨਾਲ ਨਾਲ ਪਾਣੀ ਦੀ ਨਿਕਾਸੀ ਡਰੇਨ ਦਾ ਨਿਰਮਾਣ ਕਰਵਾਇਆ ਜਾਵੇ। ਇਸੇ ਦੌਰਾਨ  ਬੰਨ੍ਹ ਲਗਾਈ ਬੈਠੇ ਕੁੱਝ ਕਿਸਾਨਾਂ ਨੇ ਦੱਸਿਆ ਕਿ ਪਿੱਛੇ ਜਮ੍ਹਾਂ ਹੋਇਆ ਪਾਣੀ ਇਕਦਮ ਆ ਜਾਣ ਕਾਰਨ ਉਨ੍ਹਾਂ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਵੇਗਾ।  ਪ੍ਰਸ਼ਾਸਨ ਦੇ ਕਹਿਣ ’ਤੇ ਉਨ੍ਹਾਂ ਬੰਨ੍ਹ ਦਾ ਕੁਝ ਹਿੱਸਾ ਖੋਲ੍ਹ ਦਿੱੱਤਾ ਹੈ। ਇਸ ਮੌਕੇ ਤਹਿਸੀਲਦਾਰ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਹੈ ਕਿ ਲੋਕਾਂ ਦੀ ਮੰਗ ਅਨੁਸਾਰ ਨੂਰਪੁਰਾ ਗੁਲਾਹੜ ਅਤੇ ਗੁਲਾੜ ਖਾਂਗ ਸੜਕ ਉੱਤੇ ਦੱਬੀਆਂ ਪੁਲੀਆਂ ਨੂੰ ਖੁਲ੍ਹਵਾਉਣ ਮਗਰੋਂ  ਬੰਨ੍ਹ ਖੁਲ੍ਹਵਾ ਕੇ ਪਾਣੀ ਦੀ ਨਿਕਾਸੀ ਸ਼ੁਰੂ ਕਰਵਾ ਦਿੱਤੀ ਗਈ ਹੈ। ਉਨ੍ਹਾਂ ਧਰਨਾਕਾਰੀਆਂ ਨੂੰ ਯਕੀਨ ਦਿਵਾਇਆ ਹੈ ਕਿ ਪਾਣੀ ਦੇ ਨਿਕਾਸ ਲਈ ਯੋਗ ਪ੍ਰਬੰਧ ਕਰਨ ਦੇ ਨਾਲ ਨਾਲ ਡਰੇਨ ਦਾ ਕੇਸ ਬਣਾ ਕੇ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ।

ਮੀਂਹ ਨਾਲ ਨੁਕਸਾਨੀਆਂ ਫ਼ਸਲਾਂ ਦੀ ਗਿਰਦਾਵਰੀ ਦੇ ਹੁਕਮ

ਸੰਗਰੂਰ (ਗੁਰਦੀਪ ਸਿੰਘ ਲਾਲੀ): ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਵਿਚ ਭਾਰੀ ਮੀਂਹ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦਾ ਅਨੁਮਾਨ ਲਗਾਉਣ ਲਈ  ਵਿਸ਼ੇਸ਼ ਗਿਰਦਵਾਰੀ  ਦੇ ਹੁਕਮ ਦਿੱਤੇ ਹਨ। ਡਿਪਟੀ ਕਮਿਸ਼ਨਰ ਰਾਮਵੀਰ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਬ ਡਵੀਜ਼ਨਾਂ ਦੇ ਉਪ ਮੰਡਲ ਮੈਜਿਸਟਰੇਟਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਵਿਸ਼ੇਸ਼ ਗਿਰਦਾਵਰੀ ਦੀ ਰਿਪੋਰਟ 15 ਦਿਨਾਂ ਦੇ ਅੰਦਰ ਅੰਦਰ ਭੇਜੀ ਜਾਵੇ।  ਡਿਪਟੀ ਕਮਿਸ਼ਨਰ ਨੇ ਆਪਣੇ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਹਲਕਾ ਪਟਵਾਰੀ ਵਲੋਂ ਫ਼ਸਲਾਂ ਦੇ ਹੋਏ ਨੁਕਸਾਨ ਦੀ ਕੀਤੀ ਗਈ ਅਸੈਸਮੈਂਟ ਦੀ 100 ਫ਼ੀਸਦੀ ਪੜਤਾਲ ਕਾਨੂੰਗੋ, ਸੀਆਰਓ ਅਤੇ ਸਬੰਧਿਤ ਉਪ ਮੰਡਲ ਮੈਜਿਸਟਰੇਟ 50 ਫ਼ੀਸਦੀ ਚੈਕਿੰਗ ਕਰਨਗੇ। ਖੇਤੀਬਾੜੀ ਵਿਭਾਗ ਅਨੁਸਾਰ ਭਾਰੀ ਬਾਰਸ਼ਾਂ ਕਾਰਨ ਜ਼ਿਲ੍ਹੇ ’ਚ ਲਹਿਰਾਗਾਗਾ, ਮੂਨਕ ਅਤੇ ਅੰਨਦਾਨਾ ਬਲਾਕਾਂ ਦੇ ਕਰੀਬ 47 ਪਿੰਡਾਂ ਵਿਚ ਕਰੀਬ 6530 ਏਕੜ ਰਕਬੇ ’ਚ ਖੜ੍ਹੀ ਫ਼ਸਲ ਪ੍ਰਭਾਵਿਤ ਹੋਈ ਹੈ। ਜ਼ਿਲ੍ਹੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ’ਚੋ ਮੂਨਕ ’ਚ 500 ਏਕੜ, ਬਨਾਰਸੀ ’ਚ 400 ਏਕੜ, ਫੂਲਦ ’ਚ 350 ਏਕੜ, ਬੱਲ੍ਹਰਾ ’ਚ 400 ਏਕੜ, ਸੁਰਜਨ ਭੈਣੀ ’ਚ 250 ਏਕੜ, ਸਲੇਮਗੜ੍ਹ ’ਚ 230 ਏਕੜ, ਭੂਲਣ ’ਚ 250 ਏਕੜ, ਚੋਟੀਆਂ ’ਚ 300 ਏਕੜ, ਗੁਰਨੇ ’ਚ 200 ਏਕੜ ਸਣੇ ਕੁੱਲ 47 ਪਿੰਡਾਂ ’ਚ 6530 ਏਕੜ ਫ਼ਸਲ ਪਾਣੀ ’ਚ ਡੁੱਬੀ ਹੋਈ ਹੈ। ਜੇ ਘੱਗਰ ਦਰਿਆ ’ਚ ਪਾਣੀ ਦਾ ਪੱਧਰ ਘਟਦਾ ਹੈ ਤਾਂ ਜ਼ਮੀਨ ਵਿਚੋਂ ਪਾਣੀ ਨਿਕਲ ਸਕਦਾ ਹੈ। ਜੇ ਘੱਗਰ ’ਚ ਪਾਣੀ ਦਾ ਪੱਧਰ ਨਾ ਘਟਿਆ ਤਾਂ ਇਹ ਫ਼ਸਲ ਬਰਬਾਦ ਹੋਣ ਦੀ ਸੰਭਾਵਨਾ ਹੈ। ਉਧਰ, ਘੱਗਰ ਦਰਿਆ ’ਚ ਪਾਣੀ ਦਾ ਪੱਧਰ 741 ਫੁੱਟ ’ਤੇ ਚੱਲ ਰਿਹਾ ਹੈ ਜੋ ਕਿ ਪਹਿਲਾਂ ਨਾਲੋਂ ਘਟਿਆ ਹੈ। ਪਹਿਲਾਂ ਪਾਣੀ ਦਾ ਪੱਧਰ 748 ਫੁੱਟ ’ਤੇ ਪੁੱਜ ਗਿਆ ਸੀ ਜੋ ਕਿ ਪਿਛਲੇ ਕੁੱਝ ਦਿਨਾਂ ’ਚ ਘਟ ਕੇ 739 ’ਤੇ ਪੁੱਜ ਗਿਆ ਸੀ ਪਰ ਹੁਣ ਦੋ ਫੁੱਟ ਹੋਰ ਵਧਿਆ ਹੈ। ਸੰਗਰੂਰ ਜ਼ਿਲ੍ਹੇ ਦੇ ਮੂਨਕ ਇਲਾਕੇ ’ਚ ਦੂਰ ਦੂਰ ਤੱਕ ਪਾਣੀ ’ਚ ਡੁੱਬੀ  ਝੋਨੇ ਦੀ ਫਸਲ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All