
ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਮਾਰਚ
ਨਾਭਾ ਸਥਿਤ ਜੇਲ੍ਹ ਵਿੱਚੋਂ ਲਗਪਗ ਛੇ ਸਾਲ ਪਹਿਲਾਂ ਗੈਂਗਸਟਰ ਪਲਵਿੰਦਰ ਪਿੰਦਾ ਦੀ ਅਗਵਾਈ ਹੇਠ ਦਰਜਨ ਹਥਿਆਰਬੰਦ ਵਿਅਕਤੀਆਂ ਵੱਲੋਂ ਪੁਲੀਸ ਦੀ ਵਰਦੀ ਪਾ ਕੇ ਚਾਰ ਗੈਂਗਸਟਰਾਂ ਅਤੇ ਦੋ ਖਾੜਕੂਆਂ ਨੂੰ ਛੁਡਾ ਕੇ ਲਿਜਾਣ ਦੇ ਮਾਮਲੇ ਵਿੱਚ ਅੱਜ ਪਟਿਆਲਾ ਦੇ ਵਧੀਕ ਸੈਸ਼ਨਜ਼ ਜੱਜ ਐੱਚਐੱਸ ਗਰੇਵਾਲ ਦੀ ਅਗਵਾਈ ਹੇਠਲੀ ਅਦਾਲਤ ਨੇ 20 ਮੁਲਜ਼ਮਾਂ ਨੂੰ ਸਜ਼ਾਵਾਂ ਸੁਣਾਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹੇਠਲੀ ਅਦਾਲਤ ਵੱਲੋਂ ਬੀਤੀ 21 ਮਾਰਚ ਨੂੰ ਕੁੱਲ 28 ਮੁਲਜ਼ਮਾਂ ਵਿੱਚੋਂ 22 ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚੋਂ 20 ਨੂੰ ਅੱਜ ਸਜ਼ਾ ਸੁਣਾਈ ਗਈ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਦੋਸ਼ੀਆਂ ਵਿੱਚੋਂ ਗੁਰਪੀਤ ਸਿੰਘ ਮਾਂਗੇਵਾਲ ਨੂੰ ਪੰਜ ਸਾਲ ਤੇ ਸੁਨੀਲ ਕਾਲੜਾ ਨੂੰ ਤਿੰਨ ਸਾਲ ਦੀ ਸਜ਼ਾ ਹੋਈ ਹੈ, ਜਦਕਿ ਸਹਾਇਕ ਜੇਲ੍ਹ ਸੁਪਰਡੈਂਟ ਭੀਮ ਸਿੰਘ, ਜੇਲ੍ਹ ਮੁਲਾਜ਼ਮ ਜਗਮੀਤ ਸਿੰਘ ਤੇ ਜੇਲ੍ਹ ’ਚੋਂ ਫਰਾਰ ਹੋਏ ਗੈਂਗਸਟਰ ਗੁਰਪ੍ਰੀਤ ਸੇਖੋਂ, ਕੁਲਪ੍ਰੀਤ ਨੀਟਾ ਦਿਓਲ ਤੇ ਅਮਨਦੀਪ ਢੋਟੀਆਂ ਸਮੇਤ ਪਲਵਿੰਦਰ ਪਿੰਦਾ, ਅਮਨਦੀਪ ਮਨੀ ਸੇਖੋਂ, ਸੁਲੱਖਣ ਬੱਬਰ, ਜਗਤਵੀਰ ਜਗਤਾ, ਰਵਿੰਦਰ ਗਿਆਨਾ, ਰਾਜਵਿੰਦਰ ਰਾਜੂ, ਕੁਲਵਿੰਦਰ ਟਿੱਬਰੀ, ਗੁਰਜੀਤ ਲਾਡਾ, ਗੁਰਪ੍ਰੀਤ ਗੋਪੀ, ਹਰਜੋਤ ਸਿੰਘ, ਕਿਰਨਪਾਲ ਸਿੰਘ, ਮਨਜਿੰਦਰ ਸਿੰਘ, ਸੁਰਜੀਤ ਸਿੰਘ, ਬਿੱਕਰ ਸਿੰਘ ਤੇ ਸੁਖਚੈਨ ਸਿੰਘ ਆਦਿ ਨੂੰ ਦਸ-ਦਸ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬਿੱੱਕਰ ਤੇ ਸੁਖਚੈਨ ਨੂੰ ਨਸ਼ਾ ਤਸਕਰੀ ਦੀਆਂ ਧਾਰਾਵਾਂ ਅਧੀਨ ਦਸ-ਦਸ ਸਾਲ ਦੀ ਹੋਰ ਸਜ਼ਾ ਵੀ ਹੋਈ ਹੈ ਤੇ ਛੇ ਜਣੇ ਇਸ ਕੇਸ ਵਿੱਚੋਂ ਬਰੀ ਕੀਤੇ ਗਏ ਹਨ। ਗੁਰਪ੍ਰੀਤ ਸਿੰੰਘ ਮਾਂਗੇਵਾਲ ਤੇ ਸੁਨੀਲ ਕਾਲੜਾ ਪਹਿਲਾਂ ਹੀ ਇਸ ਤੋਂ ਵੱਧ ਸਜ਼ਾ ਭੁਗਤ ਚੁੱਕੇ ਹਨ, ਜਿਸ ਕਰਕੇ ਇਸ ਕੇਸ ਵਿੱਚ ਇਨ੍ਹਾਂ ਦੀ ਜਲਦ ਰਿਹਾਈ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ 27 ਨਵੰਬਰ 2016 ਨੂੰ ਉਕਤ ਮੁਲਜ਼ਮ ਮੈਕਸੀਮਮ ਸਕਿਉਰਿਟੀ ਜੇਲ੍ਹ ਨਾਭਾ ਵਿੱਚੋਂ ਫਿਲਮੀ ਅੰਦਾਜ਼ ’ਚ ਚਾਰ ਗੈਂਗਸਟਰਾਂ ਤੇ ਦੋ ਖਾੜਕੂਆਂ ਨੂੰ ਛੁਡਾ ਕੇ ਲੈ ਗਏ ਸਨ। ਪੁਲੀਸ ਦੀ ਵਰਦੀ ’ਚ ਆਏ ਪਿੰਦਾ ਤੇ ਉਸ ਦੇ ਸਾਥੀਆਂ ਨੇ ਆਪਣੇ ਹੀ ਕੁਝ ਸਾਥੀਆਂ ਨੂੰ ਹੱਥਕੜੀਆਂ ਲਾਈਆਂ ਹੋਈਆਂ ਸਨ, ਜਿਨ੍ਹਾਂ ਨੂੰ ਜੇਲ੍ਹ ਵਿੱਚ ਛੱਡਣ ਦੀ ਗੱਲ ਕਹਿ ਕੇ ਉਹ ਅੰਦਰ ਦਾਖਲ ਹੋਏ ਸਨ।
ਕੇਸ ਵਿੱਚ 36 ਜਣਿਆਂ ਨੂੰ ਕੀਤਾ ਗਿਆ ਸੀ ਨਾਮਜ਼ਦ
ਥਾਣਾ ਕੋਤਵਾਲੀ ਨਾਭਾ ’ਚ ਕੇਸ ਸਬੰਧੀ ਦਰਜ ਹੋਏ ਮਾਮਲੇ ’ਚ ਕੁੱਲ 36 ਜਣਿਆਂ ਦੇ ਨਾਮ ਹਨ। ਨਾਮਜ਼ਦ ਮੁਲਜ਼ਮਾਂ ਵਿੱਚੋਂ ਮਿੰਟੂ, ਵਿੱਕੀ ਗੌਂਡਰ ਤੇ ਲਾਹੌਰੀਆ ਤੋਂ ਇਲਾਵਾ ਚਰਨਪ੍ਰੀਤ ਚੰਨਾ ਦੀ ਮੌਤ ਹੋ ਚੁੱਕੀ ਹੈ। ਫਰਾਰ ਹੋਇਆ ਕਸ਼ਮੀਰਾ ਸਿੰਘ ਗਲਵੱਡੀ ਹਾਲੇ ਵੀ ਪੁਲੀਸ ਹੱੱਥ ਨਹੀਂ ਲੱਗਿਆ ਹੈ। ਕੈਦੀਆਂ ਨੂੰ ਭਜਾਉਣ ’ਚ ਸ਼ਾਮਲ ਰਹੇ ਹੈਰੀ ਚੱਠਾ ਤੇ ਗੋਪੀ ਘਟਸ਼ਾਮਪੁਰੀਆ ਵੀ ਹਾਲੇ ਫਰਾਰ ਹਨ, ਜਦਕਿ ਵਿਦੇਸ਼ ਤੋਂ ਫੰਡ ਭੇਜਣ ਤੇ ਸਾਜ਼ਿਸ਼ ਰਚਣ ਵਾਲਾ ਰਮਨਦੀਪ ਰੋਮੀ ਹਾਂਗਕਾਂਗ ਜੇਲ੍ਹ ’ਚ ਹੈ, ਜਿਸ ਨੂੰ ਹਵਾਲਗੀ ਅਧੀਨ ਲਿਆਉਣ ਲਈ ਨੋਡਲ ਅਫਸਰ ਵਜੋਂ ਐੱਸਪੀ ਹਰਵਿੰੰਦਰ ਵਿਰਕ ਦੀ ਟੀਮ ਲਗਾਤਾਰ ਚਾਰਾਜੋਈ ਕਰ ਰਹੀ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ