ਜ਼ਿਲ੍ਹਾ ਸੰਗਰੂਰ ਦੀਆਂ ਚਾਰ ਨਗਰ ਕੌਂਸਲਾਂ ਭਵਾਨੀਗੜ੍ਹ, ਧੂਰੀ, ਲੌਂਗੋਵਾਲ ਅਤੇ ਸੁਨਾਮ ਲਈ 26 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ 29 ਮਈ ਨੂੰ ਚਾਰ ਗਿਣਤੀ ਕੇਂਦਰਾਂ ਵਿੱਚ ਹੋਵੇਗੀ। ਚਾਰੋਂ ਨਗਰ ਕੌਂਸਲਾਂ ਦੇ ਕੁੱਲ 67 ਵਾਰਡਾਂ ਲਈ 262 ਉਮੀਦਵਾਰ ਚੋਣ ਲੜ ਰਹੇ ਹਨ। ਨਗਰ ਕੌਂਸਲ ਭਵਾਨੀਗੜ੍ਹ ਦੇ 15 ਵਾਰਡਾਂ ਲਈ ਪਈਆਂ ਵੋਟਾਂ ਦੀ ਗਿਣਤੀ ਸਟੇਡੀਅਮ ਭਵਾਨੀਗੜ੍ਹ, ਨਗਰ ਕੌਂਸਲ ਧੂਰੀ ਦੇ ਕੁੱਲ 21 ਵਾਰਡਾਂ ਵਿਚੋਂ 16 ਵਾਰਡਾਂ ਲਈ ਪਈਆਂ ਵੋਟਾਂ ਦੀ ਗਿਣਤੀ ਯੂਨੀਵਰਸਿਟੀ ਕਾਲਜ ਬੇਨੜਾ ਵਿੱਚ, ਨਗਰ ਕੌਂਸਲ ਲੌਂਗੋਵਾਲ ਦੇ 15 ਵਾਰਡਾਂ ਲਈ ਪਈਆਂ ਵੋਟਾਂ ਦੀ ਗਿਣਤੀ ਸਲਾਈਟ ਲੌਂਗੋਵਾਲ ਵਿੱਚ ਅਤੇ ਨਗਰ ਕੌਂਸਲ ਸੁਨਾਮ ਦੇ ਕੁੱਲ 23 ਵਿਚੋਂ 21 ਵਾਰਡਾਂ ਲਈ ਪਈਆਂ ਵੋਟਾਂ ਦੀ ਗਿਣਤੀ ਆਈ ਟੀ ਆਈ ਸੁਨਾਮ ਵਿੱਚ ਹੋਵੇਗੀ। ਧੂਰੀ ਵਿੱਚ 5 ਅਤੇ ਸੁਨਾਮ ਵਿਖੇ 2 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਚੋਣ ਜਿੱਤ ਚੁੱਕੇ ਹਨ।। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) -ਕਮ- ਵਧੀਕ ਜ਼ਿਲ੍ਹਾ ਚੋਣ ਅਫਸਰ ਸੁਖਚੈਨ ਸਿੰਘ ਪਾਪੜਾ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਸਵੇਰੇ 8 ਵਜ਼ੇ ਸ਼ੁਰੂ ਹੋਵੇਗੀ। ਗਿਣਤੀ ਲਈ ਰਿਜ਼ਰਵ ਸਟਾਫ਼ ਸਮੇਤ ਕਰੀਬ 260 ਮੁਲਾਜ਼ਮ ਲਗਾਏ ਗਏ ਹਨ ਜਦੋਂ ਕਿ ਗਿਣਤੀ ਕੇਂਦਰਾਂ ਵਿਚ ਸਕਿਉਂਰਿਟੀ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਰਿਟਰਨਿੰਗ ਅਫ਼ਸਰ ਪੁਨੀਤ ਸ਼ਰਮਾ ਨੇ ਦੱਸਿਆ ਕਿ ਨਗਰ ਕੌਂਸਲ ਦੀਆਂ ਚੋਣਾਂ ਦੀ ਗਿਣਤੀ ਸਬੰਧੀ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਵੋਟਾਂ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਭਵਾਨੀਗੜ੍ਹ ਵਿੱਚ ਸਟਰੌਂਗ ਰੂਮ ਸੁਰੱਖਿਅਤ ਪਈਆਂ ਹਨ। ਉਨ੍ਹਾਂ ਦੱਸਿਆ ਕਿ 29 ਮਈ ਨੂੰ ਸਵੇਰੇ 8 ਵਜੇ ਗਿਣਤੀ ਸ਼ੁਰੂ ਹੋ ਜਾਵੇਗੀ। ਡੀ ਐੱਸ ਪੀ ਭਵਾਨੀਗੜ੍ਹ ਸਤਨਾਮ ਸਿੰਘ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਦੌਰਾਨ ਅਮਨ ਸ਼ਾਂਤੀ ਬਰਕਰਾਰ ਰੱਖਣ ਲਈ ਪੁਲੀਸ ਫੋਰਸ ਤਾਇਨਾਤ ਰਹੇਗੀ।
ਗਿਣਤੀ ਕੇਂਦਰਾਂ ਵਿੱਚ ਮੋਬਾਈਲ ਫੋਨ ਲਿਜਾਣ ਦੀ ਮਨਾਹੀ
ਸਮਾਣਾ (ਸੁਭਾਸ਼ ਚੰਦਰ): ਸਮਾਣਾ ਨਗਰ ਕੌਂਸਲ ਚੋਣਾਂ ਲਈ 26 ਮਈ ਨੂੰ ਹੋਈਆਂ ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ। ਸ਼ਹਿਰ ਦੇ 21 ਵਾਰਡਾਂ ਵਿੱਚ ਪਈਆਂ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਪਬਲਿਕ ਕਾਲਜ ਸ਼ੁਰੂ ਹੋਵੇਗੀ, ਜਿਸ ਲਈ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਗਿਣਤੀ ਕੇਂਦਰ ਵਿੱਚ ਮੋਬਾਈਲ ਫੋਨ ਲੈ ਕੇ ਜਾਣ ’ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ ਅਤੇ ਕਿਸੇ ਵੀ ਪੋਲਿੰਗ ਏਜੰਟ ਨੂੰ ਮੋਬਾਈਲ ਅੰਦਰ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਚੋਣ ਵਿੱਚ ਕੁੱਲ 108 ਉਮੀਦਵਾਰ ਮੈਦਾਨ ਵਿੱਚ ਹਨ। ਨਗਰ ਕੌਂਸਲ ਚੋਣਾਂ ਵਿੱਚ ਇਸ ਵਾਰ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਮੰਨਿਆ ਜਾ ਰਿਹਾ ਹੈ। ਚੋਣ ਪ੍ਰਚਾਰ ਦੌਰਾਨ ਸਾਰੀਆਂ ਪਾਰਟੀਆਂ ਵੱਲੋਂ ਆਪਣੀ ਪੂਰੀ ਤਾਕਤ ਝੋਕ ਦੇਣ ਕਾਰਨ ਕਈ ਵਾਰਡਾਂ ਵਿੱਚ ਮੁਕਾਬਲਾ ਬੇਹੱਦ ਦਿਲਚਸਪ ਬਣਿਆ ਹੋਇਆ ਹੈ।
ਚੋਣਾਂ ਵਾਲੇ ਦਿਨ ਕੁਝ ਵਾਰਡਾਂ ਵਿੱਚ ਤਣਾਅ ਅਤੇ ਹਿੰਸਾ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਸਨ, ਜਿਸ ਕਾਰਨ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਨਜ਼ਰ ਆ ਰਿਹਾ ਹੈ। ਵੋਟਾਂ ਦੀ ਗਿਣਤੀ ਵਾਲੀ ਥਾਂ ’ਤੇ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਚੋਣ ਅਧਿਕਾਰੀ ਰਸ਼ਪਿੰਦਰ ਸਿੰਘ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ ਕੁੱਲ 14 ਕਾਊਂਟਰ ਬਣਾਏ ਗਏ ਹਨ। ਹਰੇਕ ਵਾਰਡ ਦੀ ਗਿਣਤੀ ਵੱਖ-ਵੱਖ ਟੇਬਲਾਂ ’ਤੇ ਕੀਤੀ ਜਾਵੇਗੀ। ਉਨਾਂ ਇਹ ਵੀ ਦੱਸਿਆ ਕਿ ਹਰ ਵਾਰਡ ਵਿੱਚ ਸਮਰਥਕਾਂ ਵਿਚਾਲੇ ਹਾਰ-ਜਿੱਤ ਨੂੰ ਲੈ ਕੇ ਚਰਚਾਵਾਂ ਦਾ ਦੌਰ ਜਾਰੀ ਹੈ।

