ਡਲਿਵਰੀ ਮਗਰੋਂ ਰੇਹੜੀ ’ਤੇ ਘਰ ਪਹੁੰਚੇ ਜੱਚਾ ਤੇ ਬੱਚਾ

ਮਹਿੰਗੀ ਐਂਬੂਲੈਂਸ ਦਾ ਭਾੜਾ ਤਾਰਨ ਦੇ ਸਮਰੱਥ ਨਹੀਂ ਸੀ ਮਜ਼ਦੂਰ ਪਰਿਵਾਰ

ਡਲਿਵਰੀ ਮਗਰੋਂ ਰੇਹੜੀ ’ਤੇ ਘਰ ਪਹੁੰਚੇ ਜੱਚਾ ਤੇ ਬੱਚਾ

ਜੱਚਾ ਤੇ ਬੱਚਾ ਨੂੰ ਰੇਹੜੀ ਰਾਹੀਂ ਘਰ ਲਿਜਾਂਦਾ ਹੋਇਆ ਮਜ਼ਦੂਰ। -ਫੋਟੋ: ਰਾਜੇਸ਼ ਸੱਚਰ

ਖੇਤਰੀ ਪ੍ਰਤੀਨਿਧ

ਪਟਿਆਲਾ, 18 ਜੂਨ 

ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਗਾਇਨੀ ਵਾਰਡ ਵਿੱਚ ਮਹਿਲਾ ਵੱਲੋਂ ਬੱਚੇ ਨੂੰ ਜਨਮ ਦਿੱਤਾ ਗਿਆ।  ਜੱਚਾ ਤੇ ਬੱਚਾ ਦੇ ਪੂਰੀ ਤਰ੍ਹਾਂ ਤੰਦਰੁਸਤ ਹੋਣ ਸਬੰਧੀ ਤਸੱਲੀ ਕਰਨ ਮਗਰੋਂ ਸਬੰਧਤ ਡਾਕਟਰ ਨੇ ਉਨ੍ਹਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ। ਇਹ ਇੱਕ ਮਜ਼ਦੂਰ ਪਰਿਵਾਰ ਹੈ। ਛੁੱਟੀ ਮਿਲਣ ’ਤੇ ਨਵਜੰਮੇ ਬੱਚੇ ਦਾ ਪਿਤਾ ਗਰਮੀ ਕਾਰਨ ਬੱਚੇ ਨੂੰ ਲੂਅ ਲੱਗਣ ਦੇ ਡਰੋਂ ਚਿੰਤਾ ’ਚ ਪੈ ਗਿਆ ਕਿਉਂਕਿ ਉਸ ਕੋਲ ਕੋਈ ਅਜਿਹਾ ਵਹੀਕਲ ਨਹੀਂ ਸੀ ਜਿਸ ’ਚ ਬਿਠਾ ਕੇ ਉਹ ਜੱਚਾ-ਬੱਚਾ ਨੂੰ ਘਰ ਲਿਜਾ ਸਕਦਾ। ਉਹ ਜਦੋਂ ਹਸਪਤਾਲ ਤੋਂ ਬਾਹਰ ਆਇਆ ਤਾਂ ਉਥੇ ਐਂਬੂਲੈਂਸ ਦਾ ਵਧੇਰੇ ਭਾੜਾ ਮੰਗਣ ਕਾਰਨ ਵਾਪਸ ਚਲਾ ਆਇਆ ਕਿਉਂਕਿ ਉਸ ਦੀ ਏਨੀ ਸਮਰੱਥਾ ਨਹੀਂ ਸੀ। ਉਸ ਨੇ ਹਸਪਤਾਲ ਜਾਂ ਕਿਸੇ ਸੰਸਥਾ ਤਰਫੋਂ ਮੁਹੱਈਆ ਕਰਵਾਈ  ਜਾਣ ਵਾਲੀ ਐਂਬੂਲੈਂਸ ਦੀ ਭਾਲ ਕੀਤੀ ਪਰ ਸਫਲਤਾ ਉਸ ਦੇ ਹੱਥ ਨਾ  ਲੱਗੀ।  ਇਸੇ ਦੌਰਾਨ ਕੋਈ ਹੋਰ ਢੁੱਕਵਾਂ ਵਾਹਨ ਨਾ  ਜੁੜਦਾ ਵੇਖ ਕੇ ਉਹ ਰਿਕਸ਼ਾ ਰੇਹੜੀ ਲੈ ਆਇਆ ਅਤੇ ਇਸ ਵਿਚ ਬਿਠਾ ਕੇ ਜੱਚਾ ਤੇ ਬੱਚਾ ਨੂੰ ਘਰ ਲੈ ਗਿਆ। 

ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਨੇ ਬੇਵਸੀ ਜਤਾਈ

ਹਸਪਤਾਲ ਦੇ ਡਾਕਟਰਾਂ ਦਾ ਤਰਕ ਸੀ ਕਿ ਮਨੁੱਖਤਾ ਦੇ ਆਧਾਰ ’ਤੇ ਭਾਵੇਂ ਉਨ੍ਹਾਂ ਨੂੰ ਵੀ ਅਜਿਹੇ ਮਜ਼ਲੂਮਾਂ ਨਾਲ ਹਮਦਰਦੀ ਹੈ ਪਰ ਜੱਚਾ-ਬੱਚਾ  ਨੂੰ ਘਰ ਪੁੱਜਦਾ ਕਰਨ ਲਈ ਹਸਪਤਾਲ ਦੀ ਤਰਫ਼ੋਂ ਕੋਈ ਵਿਵਸਥਾ ਨਹੀਂ ਹੈ। ਸਬੰਧਤ ਪਰਿਵਾਰ ਨੂੰ ਖੁਦ ਜੱਚਾ ਤੇ ਬੱਚਾ ਨੂੰ ਘਰ ਲਿਜਾਣਾ  ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਗੰਭੀਰ ਹਾਲਤ ’ਚ ਕਿਸੇ ਹੋਰ ਹਸਪਤਾਲ ’ਚ ਰੈਫਰ ਕਰਨ ਦੀ ਲੋੜ ਪਵੇ ਤਾਂ ਹੀ ਐਂਬੂਲੈਂਸ ਦੀ ਵਿਵਸਥਾ ਹੁੰਦੀ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All