
ਜਨਰਲ ਸ਼ਮਸ਼ਾਨਘਾਟ ਦੀ ਪੱਧਰੀ ਜ਼ਮੀਨ ਦਿਖਾਉਂਦੇ ਹੋਏ ਨਰਮਾਣਾ ਦੇ ਮਨਰੇਗਾ ਮਜ਼ਦੂਰ।
ਜੈਸਮੀਨ ਭਾਰਦਵਾਜ
ਨਾਭਾ, 23 ਮਈ
ਇੱਥੋਂ ਨੇੜਲੇ ਪਿੰਡ ਨਰਮਾਣਾ ਵਿੱਚ 26 ਮਜ਼ਦੂਰਾਂ ਨੇ ਮਨਰੇਗਾ ਦੇ ਕਥਿਤ ਜਾਅਲੀ ਪ੍ਰਾਜੈਕਟ ’ਤੇ ਹਾਜ਼ਰੀ ਲਗਵਾ ਕੇ ਦਿਹਾੜੀ ਲੈਣ ਤੋਂ ਇਨਕਾਰ ਕਰ ਦਿੱਤਾ। ਇਹੀ ਨਹੀਂ ਬਲਕਿ ਉਨ੍ਹਾਂ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਵੀ ਲਿਖ ਦਿੱਤੀ ਕਿ ਉਨ੍ਹਾਂ ਨੂੰ ਜਿਸ ਪ੍ਰਾਜੈਕਟ ’ਤੇ ਕੰਮ ਅਲਾਟ ਕੀਤਾ ਗਿਆ ਹੈ, ਉਸ ਸਣੇ ਪਿੰਡ ਵਿੱਚ ਤਿੰਨ ਪ੍ਰਾਜੈਕਟ ਜਾਅਲੀ ਚੱਲ ਰਹੇ ਹਨ।
ਮਜ਼ਦੂਰ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਸਣੇ ਹੋਰ ਮਜ਼ਦੂਰਾਂ ਵੱਲੋਂ ਮਨਰੇਗਾ ਤਹਿਤ ਕੰਮ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਨੂੰ ਜਨਰਲ ਸ਼ਮਸ਼ਾਨਘਾਟ ਦੀ ਜ਼ਮੀਨ ਪੱਧਰੀ ਕਰਨ ਦਾ ਕੰਮ ਅਲਾਟ ਕੀਤਾ ਗਿਆ ਪਰ ਉੱਥੇ ਤਾਂ ਜ਼ਮੀਨ ਪਹਿਲਾਂ ਹੀ ਪੱਧਰੀ ਸੀ। ਇਤਰਾਜ਼ ਜ਼ਾਹਰ ਕਰਨ ’ਤੇ ਮਜ਼ਦੂਰਾਂ ਨੂੰ ਕਿਹਾ ਗਿਆ ਕਿ ਐਸਸੀ ਸ਼ਮਸ਼ਾਨਘਾਟ ਨੂੰ ਪੱਧਰ ਕਰਨ ਦਾ ਵੀ ਪ੍ਰਾਜੈਕਟ ਚਲਾਇਆ ਗਿਆ ਹੈ, ਉੱਥੇ ਚਲੇ ਜਾਣ ਪਰ ਉਹ ਜ਼ਮੀਨ ਵੀ ਪਹਿਲਾਂ ਤੋਂ ਹੀ ਪੱਧਰੀ ਸੀ।
ਮਜ਼ਦੂਰਾਂ ਨੇ ਯੋਗ ਪ੍ਰਾਜੈਕਟ ’ਤੇ ਕੰਮ ਨਾ ਮਿਲਣ ਕਾਰਨ ਡੀਸੀ ਤੋਂ ਮਨਰੇਗਾ ਤਹਿਤ ਬੇਰੁਜ਼ਗਾਰੀ ਭੱਤੇ ਦੀ ਮੰਗ ਕੀਤੀ ਅਤੇ ਸ਼ਿਕਾਇਤ ਵਿੱਚ ਇੱਕ ਹੋਰ ਜਾਅਲੀ ਪ੍ਰਾਜੈਕਟ ਚੱਲਣ ਦਾ ਦਾਅਵਾ ਵੀ ਕੀਤਾ। ਉਨ੍ਹਾਂ ਲਿਖਿਆ ਕਿ ਪਹਿਲਾਂ ਤੋਂ ਹੀ ਪੱਧਰ ਸਕੂਲ ਮੈਦਾਨ ਦਾ ਵੀ ਪ੍ਰਾਜੈਕਟ ਚਾਲੂ ਹੈ। ਹਰਪ੍ਰੀਤ ਕੌਰ, ਗਿਆਨ ਸਿੰਘ ਹੋਰਾਂ ਨੇ ਮੰਗ ਕੀਤੀ ਕਿ ਵਾਰ-ਵਾਰ ਅਪੀਲ ਦੇ ਬਾਵਜੂਦ ਪਿੰਡ ਵਿੱਚ ਗ੍ਰਾਮ ਸਭਾ ਨਹੀਂ ਹੁੰਦੀ। ਇਸ ਤਰ੍ਹਾਂ ਜਾਅਲੀ ਪ੍ਰਾਜੈਕਟ ਬਣਾ ਕੇ ਮਨਰੇਗਾ ਫੰਡ ਦੀ ਦੁਰਵਰਤੋਂ ਹੁੰਦੀ ਹੈ। ਉਨ੍ਹਾਂ ਸ਼ਿਕਾਇਤ ਵਿੱਚ ਲਿਖਿਆ ਕਿ ਵਿਹਲੇ ਬੈਠ ਕੇ ਪੂਰੀ ਦਿਹਾੜੀ ਲੈਣ ਦੀ ਥਾਂ ਕੰਮ ਮੁਹੱਈਆ ਨਾ ਕਰਾਏ ਜਾਣ ’ਤੇ ਉਹ ਇਮਾਨਦਾਰੀ ਦਾ ਬੇਰੁਜ਼ਗਾਰੀ ਭੱਤਾ ਲੈਣਾ ਚਾਹੁੰਦੇ ਹਨ, ਭਾਵੇਂ ਭੱਤਾ ਦਿਹਾੜੀ ਦਾ ਚੌਥਾ ਹਿੱਸਾ ਹੀ ਮਿਲਦਾ ਹੈ।
ਇਸ ਸਬੰਧੀ ਪੱਖ ਜਾਣਨ ਲਈ ਗ੍ਰਾਮ ਰੁਜ਼ਗਾਰ ਸਹਾਇਕ ਨੂੰ ਕਈ ਵਾਰ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
ਸ਼ਿਕਾਇਤ ਸਬੰਧੀ ਰਿਪੋਰਟ ਮੰਗਵਾਈ: ਏਡੀਸੀ
ਏਡੀਸੀ ਪਟਿਆਲਾ ਗੌਤਮ ਜੈਨ ਨੇ ਕਿਹਾ ਕਿ ਉਨ੍ਹਾਂ ਨੇ ਸ਼ਿਕਾਇਤ ਸਬੰਧੀ ਰਿਪੋਰਟ ਮੰਗਵਾਈ ਹੈ।
ਕੁੱਝ ਮਜ਼ਦੂਰ ਅੜੀ ਕਰ ਰਹੇ ਨੇ: ਸਰਪੰਚ
ਪਿੰਡ ਦੇ ਸਰਪੰਚ ਗੁਰਤੇਜ ਸਿੰਘ ਨੇ ਮੰਨਿਆ ਕਿ ਦੋ ਥਾਵਾਂ ’ਤੇ ਪਹਿਲਾਂ ਹੀ ਜ਼ਮੀਨ ਪੱਧਰੀ ਹੈ। ਇੱਥੇ ਪਹਿਲਾਂ ਵੀ ਕਈ ਵਾਰੀ ਪ੍ਰਾਜੈਕਟ ਚਲਾਏ ਗਏ ਹਨ। ਉਨ੍ਹਾਂ ਕਿਹਾ ਕਿ ਉਹ ਗ੍ਰਾਮ ਰੁਜ਼ਗਾਰ ਸਹਾਇਕ ਨੂੰ ਇਹ ਪ੍ਰਾਜੈਕਟ ਬੰਦ ਕਰ ਕੇ ਹੋਰ ਥਾਂ ਪ੍ਰਾਜੈਕਟ ਚਲਾਉਣ ਲਈ ਕਹਿ ਚੁੱਕੇ ਹਨ। ਸਰਪੰਚ ਨੇ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ’ਤੇ 70 ਦੇ ਕਰੀਬ ਮਜ਼ਦੂਰ ਕੰਮ ਕਰ ਰਹੇ ਹਨ, ਪਰ 25-30 ਮਜ਼ਦੂਰ ਕਾਨੂੰਨ ਦੀਆਂ ਗੱਲਾਂ ਕਰਕੇ ਅੜੀ ਕਰ ਰਹੇ ਹਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ