MLA Shutrana Show Of Strength: ਤੀਆਂ ਦੇ ਬਹਾਨੇ ਵਿਧਾਇਕ ਵੱਲੋਂ ਸ਼ਕਤੀ ਪ੍ਰਦਰਸ਼ਨ
ਬਾਜ਼ੀਗਰ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਲੜਨ ਤੇ ਜਿੱਤਣ ਦਾ ਦਾਅਵਾ
ਮੁੱਖ ਮੰਤਰੀ ਭਗਵੰਤ ਮਾਨ ਦੀ ਘੱਗਾ ਰੈਲੀ ਮਗਰੋਂ ਆਮ ਆਦਮੀ ਪਾਰਟੀ ਵਿੱਚ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੱਲੋਂ ਤੀਆਂ ਦੇ ਬਹਾਨੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਗਰਗ ਪੈਲੇਸ ‘ਚ ਹੋਏ ਸਮਾਗਮ ਦੌਰਾਨ ਵਿਧਾਇਕ ਦੇ ਸਮਰਥਕਾਂ ਤੋਂ ਇਲਾਵਾ ਵੱਡੀ ਗਿਣਤੀ ਔਰਤਾਂ ਨੇ ਸ਼ਮੂਲੀਅਤ ਕੀਤੀ ਗਈ। ਵਿਧਾਇਕ ਵੱਲੋਂ ਡੀ ਜੇ ਦੀ ਧਮਕ ਉੱਤੇ ਨੱਚ ਟੱਪ ਕੇ ਖੁਸ਼ੀ ਮਨਾਈ ਗਈ। ਇਸ ਦੌਰਾਨ ਵਿਧਾਇਕ ਬਾਜ਼ੀਗਰ ਨੇ ਲੰਬੇ ਸਮੇਂ ਤੋਂ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾ ਰਹੀਆਂ ‘ਆਪ’ ਮਹਿਲਾ ਵਿੰਗ ਦੀਆਂ ਔਰਤਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ। ਸਮਾਗਮ ਵਿੱਚ ਵੀਰਪਾਲ ਕੌਰ ਚਹਿਲ ਜੋਨ ਇੰਚਾਰਜ, ਆਰਤੀ ਗੁਪਤਾ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ‘ਆਪ’, ਰੇਖਾ ਪਵਾਰ ਮੀਤ ਪ੍ਰਧਾਨ ਜ਼ਿਲ੍ਹਾ ਪਟਿਆਲਾ, ਦੀਪ ਮਾਲਾ ਦੁੱਗਲ ਜ਼ਿਲ੍ਹਾ ਸਕੱਤਰ, ਸੁਮਨ ਰਾਣੀ ਹਲਕਾ ਇੰਚਾਰਜ ਸ਼ੁਤਰਾਣਾ, ਪ੍ਰੀਤੀ ਜੈਨ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਪਾਤੜਾਂ, ਰੇਨੂ ਵਧਵਾ ਮੀਤ ਪ੍ਰਧਾਨ ਨਗਰ ਕੌਂਸਲ ਪਾਤੜਾਂ ਦਾ ਧੰਨਵਾਦ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਉਹ ਹਲਕੇ ਦੇ ਜੰਮਪਲ ਹਨ ਤੇ ਹਲਕੇ ਦੇ ਲੋਕ ਉਨ੍ਹਾਂ ਦੇ ਆਪਣੇ ਹਨ। ਉਨ੍ਹਾਂ ਕਿਹਾ ਹੈ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਉੱਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਪਰ ਹਲਕੇ ਉੱਤੇ ਕਬਜ਼ਾ ਕਰਨ ਦੀਆਂ ਚੱਲ ਰਹੀਆਂ ਸਾਜਿਸ਼ਾਂ ਉਨ੍ਹਾਂ ਨੂੰ ਮਨਜ਼ੂਰ ਨਹੀਂ। ਉਨ੍ਹਾਂ ਕਿਹਾ ਕਿ ਹਲਕੇ ‘ਤੇ ਕਬਜ਼ਾ ਕਰਨ ਦੇ ਇੱਛੁਕਾਂ ਵੱਲੋਂ ਉਨ੍ਹਾਂ ਦੇ ਪ੍ਰੋਗਰਾਮ ਨੂੰ ਤਾਰਪੀਡੋ ਕਰਨ ਲਈ ਵੱਡੇ ਪੱਧਰ ਉੱਤੇ ਕੋਸ਼ਿਸ਼ ਕੀਤੀ ਗਈ ਪਰ ਹਲਕੇ ਦੇ ਲੋਕਾਂ ਵੱਲੋਂ ਦਿੱਤੇ ਪਿਆਰ ਨੇ ਉਨ੍ਹਾਂ ਦੇ ਹੌਸਲੇ ਨੂੰ ਹੋਰ ਬੁਲੰਦ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ਸ਼ਾਨ ਨਾਲ ਲੜਨਗੇ ਅਤੇ ਜਿੱਤਣਗੇ। ਇਸ ਦੌਰਾਨ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੀ ਪਤਨੀ ਸੁਖਵੰਤ ਕੌਰ, ਮਾਤਾ ਰੌਸ਼ਨੀ ਦੇਵੀ, ਟਰੱਕ ਯੂਨੀਅਨ ਪਾਤੜਾਂ ਦੇ ਪ੍ਰਧਾਨ ਰਣਜੀਤ ਸਿੰਘ ਵਿਰਕ ਡਰੋਲੀ, ਸਰਪੰਚ ਬਲਜਿੰਦਰ ਸਿੰਘ ਜੋਗੇਵਾਲਾ, ਸਰਪੰਚ ਤਲਵਿੰਦਰ ਸਿੰਘ ਮਨੇਸ਼, ਬਲਾਕ ਸਮਿਤੀ ਮੈਂਬਰ ਕੁਲਦੀਪ ਸਿੰਘ ਹਾਜ਼ਰ ਸਨ।

