MLA Bharaj Lays Foundation for Road Projects: ਭਰਾਜ ਨੇ ਤਿੰਨ ਸੜਕਾਂ ਦੀ ਉਸਾਰੀ ਸ਼ੁਰੂ ਕਰਵਾਈ
ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਮਿਲਣ ਦਾ ਦਾਅਵਾ ਕੀਤਾ
ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਕਰੀਬ 1.38 ਕਰੋੜ ਰੁਪਏ ਨਾਲ ਕਰਵਾਏ ਜਾਣ ਵਾਲੇ ਤਿੰਨ ਸੜਕ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ। ਉਨ੍ਹਾਂ ਦੱਸਿਆ ਕਿ ਅਫਸਰ ਕਲੋਨੀ ਡੀ- 1 ਬਲਾਕ ਤੋਂ ਮੰਗਵਾਲ ਡਰੇਨ ਤੱਕ 66.09 ਲੱਖ ਰੁਪਏ ਨਾਲ ਨਵੀਂ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਇਲਾਕੇ ਦੇ ਵਸਨੀਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਮਿਲਣਗੀਆਂ। ਉਨ੍ਹਾਂ ਦੱਸਿਆ ਕਿ ਰਣਬੀਰ ਕਾਲਜ ਤੋਂ ਸੁਨਾਮੀ ਗੇਟ ਤੱਕ 56.28 ਲੱਖ ਰੁਪਏ ਨਾਲ ਸੜਕ ਦੇ ਪੁਨਰ-ਨਿਰਮਾਣ ਦਾ ਕੰਮ ਵੀ ਸ਼ੁਰੂ ਕਰਵਾਇਆ ਗਿਆ ਹੈ। ਇਸ ਦੀ ਮੁਰੰਮਤ ਨਾਲ ਵਿਦਿਆਰਥੀਆਂ, ਰਾਹਗੀਰਾਂ ਅਤੇ ਲੋਕਾਂ ਨੂੰ ਰਾਹਤ ਮਿਲੇਗੀ। ਇਸ ਤੋਂ ਇਲਾਵਾ ਸਪਾਟਰਨ ਜਿਮ ਤੋਂ ਗੁਰਦੁਆਰਾ ਸ੍ਰੀ ਦਸਹਿਰਾ ਬਾਗ਼ ਸਾਹਿਬ ਤੱਕ 15.79 ਲੱਖ ਰੁਪਏ ਨਾਲ ਸੜਕ ਦੇ ਪੁਨਰ-ਨਿਰਮਾਣ ਅਤੇ ਸੁੰਦਰੀਕਰਨ ਦੇ ਵਿਕਾਸ ਕਾਰਜਾਂ ਦੀ ਵੀ ਸ਼ੁਰੂਆਤ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਹਰ ਪਿੰਡ ਅਤੇ ਸ਼ਹਿਰੀ ਖੇਤਰ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵਿਕਾਸ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਭੁਪਿੰਦਰ ਨਹਿਲ, ਅਵਤਾਰ ਸਿੰਘ ਤਾਰੀ, ਪੰਕਜ ਗਰਗ, ਐੱਮ ਸੀ ਜਗਜੀਤ ਕਾਲਾ ਤੇ ਕ੍ਰਿਸ਼ਨ ਲਾਲ ਵਿੱਕੀ, ਸੁਖਵਿੰਦਰ ਮਾਨ, ਰੌਕੀ, ਪਾਰਸ, ਅਮਨ ਸੇਖੂਪੁਰਾ, ਖੁਸ਼ਵਿੰਦਰ ਚਿੜੀ ਕੋਚ, ਵਿਨੋਦ ਸ਼ਰਮਾ ਤੇ ਨੋਨੀ ਮੌਜੂਦ ਸਨ।
ਵਿਧਾਇਕਾ ਨੇ ਸੱਤ ਪਿੰਡਾਂ ਨੂੰ ਆਧੁਨਿਕ ਵਾਟਰ ਟੈਂਕ ਭੇਟ ਕੀਤੇ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਪਿੰਡ ਲੱਖੇਵਾਲ, ਨੰਦਗੜ੍ਹ, ਫੱਗੂਵਾਲਾ, ਖੇੜੀ ਚੰਦਵਾਂ, ਫੁੰਮਣਵਾਲ, ਹਰਕਿਸ਼ਨਪੁਰਾ ਅਤੇ ਭਰਾਜ ਨੂੰ 5.000 ਲਿਟਰ ਦੀ ਸਮਰੱਥਾ ਵਾਲੇ ਆਧੁਨਿਕ ਵਾਟਰ ਟੈਂਕ ਭੇਟ ਕੀਤੇ ਗਏ ਹਨ। ਇਨ੍ਹਾਂ ਵਾਟਰ ਟੈਂਕਾਂ ਨਾਲ ਆਧੁਨਿਕ ਫਾਇਰ ਫਾਈਟਿੰਗ ਸਿਸਟਮ ਵੀ ਲਾਇਆ ਗਿਆ ਹੈ, ਜਿਸ ਨਾਲ ਅੱਗ ਲੱਗਣ ਦੌਰਾਨ ਤੁਰੰਤ ਕਾਰਵਾਈ ਕਰ ਕੇ ਜਾਨ-ਮਾਲ ਦੀ ਸੁਰੱਖਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਯਕੀਨੀ ਬਣਾਇਆ ਜਾ ਸਕੇਗਾ। ਇਸ ਮੌਕੇ ਵਿਧਾਇਕਾ ਭਰਾਜ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦੌਰਾਨ ਸਮੇਂ ਸਿਰ ਸਾਧਨਾਂ ਦੀ ਉਪਲਬਧਤਾ ਮਹੱਤਵਪੂਰਨ ਹੁੰਦੀ ਹੈ। ਇਹ ਆਧੁਨਿਕ ਵਾਟਰ ਟੈਂਕ ਅਤੇ ਫਾਇਰ ਫਾਈਟਿੰਗ ਸਿਸਟਮ ਅਜਿਹੀਆਂ ਸਥਿਤੀਆਂ ਵਿੱਚ ਤੁਰੰਤ ਰਾਹਤ ਪਹੁੰਚਾਉਣ ਅਤੇ ਨੁਕਸਾਨ ਨੂੰ ਘਟਾਉਣ ’ਚ ਅਹਿਮ ਭੂਮਿਕਾ ਨਿਭਾਉਣਗੇ। ਇਸ ਮੌਕੇ ਤੇਜਵਿੰਦਰ ਸਿੰਘ, ਚਮਕੌਰ ਸਿੰਘ ਖੇੜੀ ਚੰਦਵਾਂ, ਲਖਵਿੰਦਰ ਸਿੰਘ ਫੱਗੂਵਾਲਾ, ਗੁਰਪ੍ਰੀਤ ਸਿੰਘ ਫੱਗੂਵਾਲਾ, ਰੌਕੀ, ਜਗਸੀਰ ਸਿੰਘ ਝਨੇੜੀ, ਕੁਲਵਿੰਦਰ ਸਿੰਘ, ਮਨਿੰਦਰ ਸਿੰਘ, ਸਰਪੰਚ ਸੁਖਚੈਨ ਸਿੰਘ, ਬਿੰਦਰ ਖਹਿਰਾ ਅਤੇ ਸਿਮਰਨ ਸਿੰਘ ਸਣੇ ਪਿੰਡ ਵਾਸੀ ਤੇ ਪਤਵੰਤੇ ਹਾਜ਼ਰ ਸਨ।

