Mission Clean Punjab: ਮਿਸ਼ਨ ਕਲੀਨ ਪੰਜਾਬ ਤਹਿਤ ਦਸ ਰੋਜ਼ਾ ਸਫ਼ਾਈ ਮੁਹਿੰਮ ਸ਼ੁਰੂ
ਸਨੌਰੀ ਅੱਡੇ ਤੋਂ ਭੂਤਨਾਥ ਮੰਦਰ ਤੱਕ ਚੁੱਕਿਆ ਕੂੜਾ ਅਤੇ ਮਲਬਾ
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ‘ਮਿਸ਼ਨ ਕਲੀਨ ਪੰਜਾਬ’ ਤਹਿਤ ਨਗਰ ਨਿਗਮ ਵੱਲੋਂ ਅੱਜ ਮੁੜ ਸ਼ਹਿਰ ਵਿੱਚ ਵਿਸ਼ੇਸ਼ ‘ਕੂੜਾ ਸਫ਼ਾਈ ਮੁਹਿੰਮ’ ਹੇਠ ਸਫ਼ਾਈ ਕੀਤੀ ਗਈ। ਐਤਵਾਰ ਵਾਲੇ ਦਿਨ ਵੀ ਮੇਅਰ ਕੁੰਦਨ ਗੋਗੀਆ, ਜ਼ਿਲ੍ਹਾ ਪਲਾਨਿੰਗ ਕਮੇਟੀ ਚੇਅਰਮੈਨ ਤੇਜਿੰਦਰ ਮਹਿਤਾ ਸਣੇ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਦੀ ਸਾਰੀ ਟੀਮ, ਨਵਦੀਪ ਸ਼ਰਮਾ ਚੀਫ ਸੈਨੀਟੇਸ਼ਨ ਅਫਸਰ ਅਤੇ ਨਿਗਮ ਟੀਮ ਵੱਲੋਂ ਸਨੌਰੀ ਅੱਡੇ ਮਲਹੋਤਰਾ ਸਵੀਟਸ ਤੋਂ ਲੈ ਕੇ ਭੂਤਨਾਥ ਦੇ ਮੰਦਰ ਤੱਕ ਪੂਰੇ ਰਸਤੇ ਦੀ ਸਫ਼ਾਈ ਕਰਵਾਈ ਗਈ। ਮੁਹਿੰਮ ਦੌਰਾਨ ਸੜਕਾਂ ਦੇ ਕਿਨਾਰਿਆਂ, ਡਿਵਾਈਡਰਾਂ ਅਤੇ ਖਾਲੀ ਪਈਆਂ ਥਾਵਾਂ ਤੋਂ ਠੋਸ ਰਹਿੰਦ-ਖੂੰਹਦ, ਮਲਬਾ ਅਤੇ ਦਰੱਖਤਾਂ-ਪੌਦਿਆਂ ਦੀ ਰਹਿੰਦ-ਖੂੰਹਦ ਨੂੰ ਟਰੈਕਟਰ-ਟਰਾਲੀਆਂ ਅਤੇ ਇਲੈਕਟ੍ਰਿਕ ਵਾਹਨਾਂ ਰਾਹੀਂ ਤੁਰੰਤ ਚੁਕਵਾ ਕੇ ਢੁਕਵੇਂ ਸਥਾਨਾਂ ‘ਤੇ ਪਹੁੰਚਾਇਆ ਗਿਆ। ਇਸ ਮੌਕੇ ਮੇਅਰ ਨੇ ਕਿਹਾ ਕਿ ਸ਼ਹਿਰ ਨੂੰ ਕੂੜਾ-ਮੁਕਤ ਬਣਾਉਣ ਲਈ ਇਹ 10 ਰੋਜ਼ਾ ਮੁਹਿੰਮ 8 ਸਤੰਬਰ ਤੱਕ ਨਿਰਧਾਰਤ ਰੂਟ ਪਲਾਨ ਅਨੁਸਾਰ ਲਗਾਤਾਰ ਜਾਰੀ ਰਹੇਗੀ। ਮੇਅਰ ਨੇ ਸਮਾਜਿਕ ਸੰਸਥਾਵਾਂ ਅਤੇ ਸਮੂਹ ਸ਼ਹਿਰ ਵਾਸੀਆਂ ਦਹ ਧੰਨਵਾਦ ਕੀਤਾ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ਅਤੇ ਜਨਤਕ ਥਾਵਾਂ ’ਤੇ ਕੂੜਾ ਨਾ ਸੁੱਟਣ, ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਕਰ ਕੇ ਹੀ ਨਿਗਮ ਦੀਆਂ ਗੱਡੀਆਂ ਵਿੱਚ ਪਾਉਣ ਅਤੇ ਆਪਣੇ ਆਲੇ-ਦੁਆਲੇ ਨੂੰ ਹਮੇਸ਼ਾ ਸਾਫ਼-ਸੁਥਰਾ ਰੱਖ ਕੇ ‘ਮਿਸ਼ਨ ਕਲੀਨ ਪੰਜਾਬ’ ਵਿੱਚ ਆਪਣਾ ਸਰਗਰਮ ਯੋਗਦਾਨ ਪਾਉਣ।
ਵਿਧਾਇਕਾ ਨੀਨਾ ਮਿੱਤਲ ਨੇ ਸਫ਼ਾਈ ਮੁਹਿੰਮ ਦੀ ਅਗਵਾਈ ਕੀਤੀ
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਤਹਿਤ ਨਗਰ ਕੌਂਸਲ ਰਾਜਪੁਰਾ ਵੱਲੋਂ ਸ਼ਹਿਰ ਵਿੱਚ 10 ਰੋਜ਼ਾ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ। ਹਲਕਾ ਵਿਧਾਇਕ ਨੀਨਾ ਮਿੱਤਲ ਨੇ ਮੁਹਿੰਮ ਦੀ ਅਗਵਾਈ ਕਰਦਿਆਂ ਦੱਸਿਆ ਕਿ ਸਫਾਈ ਮੁਹਿੰਮ 8 ਸਤੰਬਰ ਤੱਕ ਚਲੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਏ ਡੀ ਸੀ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਵੀ ਮੌਜੂਦ ਸਨ। ਨੀਨਾ ਮਿੱਤਲ ਨੇ ਸ਼ਹਿਰਵਾਸੀਆਂ ਨੂੰ ਇਸ ਸਫਾਈ ਮੁਹਿੰਮ ਦਾ ਹਿੱਸਾ ਬਣਨ ਅਤੇ ਸ਼ਹਿਰ ਸਾਫ ਸੁਥਰਾ ਰੱਖਣ ਦੀ ਅਪੀਲ ਕੀਤੀ। ਨੀਨਾ ਮਿੱਤਲ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼, ਸੁੰਦਰ ਅਤੇ ਕੂੜਾ-ਮੁਕਤ ਬਣਾਉਣਾ ਕੇਵਲ ਸਰਕਾਰ ਜਾਂ ਨਗਰ ਕੌਂਸਲ ਦੀ ਹੀ ਜ਼ਿੰਮੇਵਾਰੀ ਨਹੀਂ, ਸਗੋਂ ਇਸ ਵਿੱਚ ਹਰੇਕ ਨਾਗਰਿਕ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ਇਸ ਮੌਕੇ ਲਵਿਸ਼ ਮਿੱਤਲ, ਪ੍ਰਧਾਨ ਨਗਰ ਕੌਂਸਲ ਰਿਤੇਸ਼ ਬਾਂਸਲ, ਸੀਨੀਅਰ ਵਾਈਸ ਪ੍ਰਧਾਨ ਦੇਸ ਰਾਜ, ਸੀਨੀਅਰ ਪ੍ਰਧਾਨ ਨਗਰ ਕਲਪਨਾ ਕੁਕਰੇਜਾ ਹਾਜ਼ਰ ਸਨ।

