Mission Clean Punjab: ਮਿਸ਼ਨ ਕਲੀਨ ਪੰਜਾਬ ਤਹਿਤ ਵਿਸ਼ੇਸ਼ ਸਫ਼ਾਈ ਮੁਹਿੰਮ
ਲੀਲਾ ਭਵਨ ਚੌਕ ਤੋਂ 20 ਨੰਬਰ ਫਾਟਕ ਤੱਕ ਸਫ਼ਾਈ ਕੀਤੀ
‘ਮਿਸ਼ਨ ਕਲੀਨ ਪੰਜਾਬ’ ਤਹਿਤ ਨਗਰ ਨਿਗਮ ਵੱਲੋਂ ਸ਼ਹਿਰ ਨੂੰ ਕੂੜਾ-ਮੁਕਤ ਅਤੇ ਖ਼ੂਬਸੂਰਤ ਬਣਾਉਣ ਦੀ ਮੁਹਿੰਮ ਜਾਰੀ ਹੈ। ਇਸੇ ਲੜੀ ਅਧੀਨ ਅੱਜ ਸ਼ਹਿਰ ਦੇ ਮੁੱਖ ਵਪਾਰਕ ਤੇ ਆਵਾਜਾਈ ਵਾਲੇ ਖੇਤਰ ਲੀਲਾ ਭਵਨ ਚੌਕ ਤੋਂ ਲੈ ਕੇ 20 ਨੰਬਰ ਫਾਟਕ ਤੱਕ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੀ ਅਗਵਾਈ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਕੀਤੀ। ਇਸ ਮੌਕੇ ਸਮਾਜ ਸੇਵੀ ਸੰਸਥਾ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਦੇ ਸਮੂਹ ਆਗੂਆਂ ਤੇ ਮੈਂਬਰਾਂ, ਨਗਰ ਨਿਗਮ ਦੀ ਸੈਨੀਟੇਸ਼ਨ ਟੀਮ ਅਤੇ ਇਲਾਕੇ ਵਾਸੀਆਂ ਤੇ ਦੁਕਾਨਦਾਰਾਂ ਨੇ ਸ਼ਮੂਲੀਅਤ ਕੀਤੀ। ਟੀਮਾਂ ਵੱਲੋਂ ਮੁੱਖ ਮਾਰਗ ਦੇ ਦੋਵੇਂ ਪਾਸੇ, ਡਿਵਾਈਡਰਾਂ ਅਤੇ ਖਾਲੀ ਥਾਵਾਂ ਤੋਂ ਕੂੜਾ-ਕਰਕਟ ਅਤੇ ਮਲਬਾ ਚੁੱਕ ਕੇ ਪੂਰੇ ਰੂਟ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਗਿਆ।
ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪਟਿਆਲਾ ਨੂੰ ਸਾਫ਼ ਅਤੇ ਪ੍ਰਦੂਸ਼ਣ-ਮੁਕਤ ਰੱਖਣਾ ਸਿਰਫ਼ ਨਿਗਮ ਪ੍ਰਸ਼ਾਸਨ ਦਾ ਨਹੀਂ, ਸਗੋਂ ਹਰ ਸ਼ਹਿਰ ਵਾਸੀ ਦਾ ਸਾਂਝਾ ਫ਼ਰਜ਼ ਹੈ।
ਸ਼ਹਿਰ ਵਾਸੀਆਂ ਨੂੰ ਆਲਾ ਦੁਆਲਾ ਸਾਫ਼ ਰੱਖਣ ਦੀ ਅਪੀਲ
ਭਾਦਸੋਂ (ਖੇਤਰੀ ਪ੍ਰਤੀਨਿਧ): ਸਰਕਾਰ ਵੱਲੋਂ ਚਲਾਈ ਸਫਾਈ ਮੁਹਿੰੰਮ ਤਹਿਤ ਭਾਦਸੋਂ ਵਿੱਚ ਨਾਭਾ ਰੋਡ ਅਤੇ ਵਾਰਡ ਨੰ. 11 ਦੀ ਸਾਫ-ਸਫਾਈ ਕਰਵਾਈ ਗਈ। ਇਸ ਮੌਕੇ ਪ੍ਰਧਾਨ ਨਗਰ ਪੰਚਾਇਤ ਭਾਦਸੋਂ, ਕਾਰਜ ਸਾਧਕ ਅਫਸਰ ਨਗਰ ਪੰਚਾਇਤ ਭਾਦਸੋਂ ਦੇ ਨਾਲ ਸਮੂਹ ਸਫਾਈ ਕਰਮਚਾਰੀਆਂ, ਮਨਦੀਪ ਕੌਰ ਸੀ ਐੱਫ , ਸਤਨਾਮ ਸਿੰਘ ਸੁਪਰਵਾਈਜਰ ਪੈਸਕੋ ਟੀਮ, ਆਸਰਾ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ ਅਤੇ ਅਮਨਦੀਪ ਕੌਰ ਮੋਟੀਵੇਟਰ ਵੱਲੋਂ ਸਮੂਲੀਅਤ ਕੀਤੀ ਗਈ। ਇਸ ਮੌਕੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਘਰਾਂ ਅਤੇ ਆਲੇ-ਦੁਆਲੇ ਦੀ ਸਫਾਈ ਦਾ ਵਿਸ਼ੇਸ ਧਿਆਨ ਰੱਖਣ।

