Mission Clean Punjab: ਨਿਗਮ ਵੱਲੋਂ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਪਰਸ਼ੂਰਾਮ ਚੌਕ ਤੋਂ ਸਨੌਰੀ ਅੱਡੇ ਤੱਕ ਸਫ਼ਾਈ ਕੀਤੀ; ਲੋਕਾਂ ਤੋਂ ਸਹਿਯੋਗ ਮੰਗਿਆ
ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਕਲੀਨ ਪੰਜਾਬ’ ਤਹਿਤ ਨਗਰ ਨਿਗਮ ਵੱਲੋਂ ਲਗਾਤਾਰ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਪਟਿਆਲਾ ਦੇ ਪਰਸ਼ੂਰਾਮ ਚੌਕ ਤੋਂ ਲੈ ਕੇ ਸਨੌਰੀ ਅੱਡੇ ਤੱਕ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ। ਮੁਹਿੰਮ ਦੀ ਅਗਵਾਈ ਵਿਧਾਇਕ ਅਜੀਤਪਾਲ ਕੋਹਲੀ, ਮੇਅਰ ਕੁੰਦਨ ਗੋਗੀਆ, ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਅਤੇ ਐਡੀਸ਼ਨਲ ਕਮਿਸ਼ਨਰ ਸਿਮਰਪ੍ਰੀਤ ਕੌਰ ਨੇ ਸਾਂਝੇ ਤੌਰ ‘ਤੇ ਕੀਤੀ। ਇਸ ਮੌਕੇ ਕੌਂਸਲਰ ਬਿੱਟੂ, ਨੇਹਾ ਸਿੱਧੂ, ਰਾਜੂ ਸਾਹਨੀ ਸਣੇ ਯੂਥ ਆਗੂ ਸਿਮਰਪ੍ਰੀਤ ਸਿੰਘ ਨੇ ਹਿੱਸਾ ਲਿਆ। ਟੀਮਾਂ ਵੱਲੋਂ ਸੜਕ ਕਿਨਾਰਿਆਂ, ਡਿਵਾਈਡਰਾਂ ਅਤੇ ਜਨਤਕ ਥਾਵਾਂ ਤੋਂ ਕੂੜਾ-ਕਰਕਟ ਅਤੇ ਮਲਬਾ ਚੁੱਕ ਕੇ ਰਸਤੇ ਨੂੰ ਮੁਕੰਮਲ ਸਾਫ਼ ਕੀਤਾ ਗਿਆ।
ਵਿਧਾਇਕ ਅਤੇ ਮੇਅਰ ਨੇ ਕਿਹਾ ਕਿ ਸ਼ਹਿਰ ਨੂੰ ਸਵੱਛ ਅਤੇ ਪ੍ਰਦੂਸ਼ਣ-ਮੁਕਤ ਬਣਾਉਣਾ ਸਾਡੀ ਸਭ ਦੀ ਸਾਂਝੀ ਨੈਤਿਕ ਜ਼ਿੰਮੇਵਾਰੀ ਹੈ। ਜਦੋਂ ਤੱਕ ਹਰ ਸ਼ਹਿਰੀ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਨਹੀਂ ਪਾਉਂਦਾ, ਉਦੋਂ ਤੱਕ ਪੂਰਨ ਸਫ਼ਾਈ ਦਾ ਟੀਚਾ ਹਾਸਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਖੁੱਲ੍ਹੀਆਂ ਥਾਵਾਂ ‘ਤੇ ਕੂੜਾ ਸੁੱਟਣ ਦੀ ਥਾਂ ਨਗਰ ਨਿਗਮ ਦੀਆਂ ਕੂੜਾ ਇਕੱਠਾ ਕਰਨ ਵਾਲੀਆਂ ਗੱਡੀਆਂ ਵਿੱਚ ਹੀ ਕੂੜਾ ਪਾਉਣ ਦੀ ਅਪੀਲ ਕੀਤੀ। ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਰੂਟਾਂ ‘ਤੇ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਤਾਂ ਜੋ ਸ਼ਹਿਰ ਦਾ ਕੋਈ ਵੀ ਕੋਨਾ ਗੰਦਗੀ-ਮੁਕਤ ਰਹਿਣ ਤੋਂ ਵਾਂਝਾ ਨਾ ਰਹੇ।

