Mission Clean Punjab: ਸੂਲਰ ਚੌਕ ਤੋਂ ਨਿਗਮ ਦਫ਼ਤਰ ਤੱਕ ਚੱਲੀ ਸਫ਼ਾਈ ਮੁਹਿੰਮ
ਮੇਅਰ ਸਣੇ ਹੋਰ ਅਧਿਕਾਰੀਆਂ ਨੇ ਹੱਥ ਵਿੱਚ ਚੁੱਕੇ ਝਾਡ਼ੂ
ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਾਫ਼-ਸੁਥਰਾ ਅਤੇ ਪ੍ਰਦੂਸ਼ਣ-ਮੁਕਤ ਬਣਾਉਣ ਦੇ ਮਕਸਦ ਨਾਲ ਆਰੰਭੇ ਗਏ ‘ਮਿਸ਼ਨ ਕਲੀਨ ਪੰਜਾਬ’ ਤਹਿਤ ਨਗਰ ਨਿਗਮ ਪਟਿਆਲਾ ਵੱਲੋਂ ਲਗਾਤਾਰ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਮੇਅਰ ਕੁੰਦਨ ਗੋਗੀਆ ਦੀ ਅਗਵਾਈ ਹੇਠ ਸੂਲਰ ਚੌਕ ਤੋਂ ਲੈ ਕੇ ਨਗਰ ਨਿਗਮ ਦਫ਼ਤਰ ਤੱਕ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੀ ਅਗਵਾਈ ਕਰ ਰਹੇ ਮੇਅਰ ਕੁੰਦਨ ਗੋਗੀਆ ਦੇ ਨਾਲ ਐੱਨ ਆਈ ਐੈੱਸ ਦੇ ਡਿਪਟੀ ਡਾਇਰੈਕਟਰ ਜਨਰਲ ਵਿਨੀਤ ਕੁਮਾਰ ਅਤੇ ਉਨ੍ਹਾਂ ਦੀ ਸਮੁੱਚੀ ਸਾਈਕਲਿੰਗ ਟੀਮ ਵੀ ਸ਼ਾਮਲ ਹੋਈ। ਇਸ ਤੋਂ ਇਲਾਵਾ ਸਮਾਜ ਸੇਵੀ ਸੰਸਥਾ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਦੇ ਸਾਰੇ ਅਹੁਦੇਦਾਰਾਂ ਤੇ ਮੈਂਬਰਾਂ, ਨਗਰ ਨਿਗਮ ਦੀ ਬਾਗ਼ਬਾਨੀ ਸ਼ਾਖਾ, ਸਫ਼ਾਈ ਕਰਮਚਾਰੀਆਂ ਅਤੇ ਸਥਾਨਕ ਇਲਾਕਾ ਵਾਸੀਆਂ ਨੇ ਹੱਥਾਂ ਵਿੱਚ ਝਾੜੂ ਫੜ ਕੇ ਸਫ਼ਾਈ ਕਾਰਜਾਂ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਇਆ। ਸੜਕ ਕਿਨਾਰਿਆਂ, ਡਿਵਾਈਡਰਾਂ ਅਤੇ ਗ੍ਰੀਨ ਬੈਲਟਾਂ ਤੋਂ ਸੁੱਕੇ ਪੱਤੇ, ਮਲਬਾ ਅਤੇ ਕੂੜਾ-ਕਰਕਟ ਚੁੱਕ ਕੇ ਪੂਰੇ ਰੂਟ ਨੂੰ ਸਾਫ਼-ਸੁਥਰਾ ਬਣਾਇਆ ਗਿਆ। ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪਟਿਆਲਾ ਨੂੰ ਸਵੱਛ ਅਤੇ ਹਰਾ-ਭਰਾ ਬਣਾਉਣਾ ਸਾਡੀ ਸਭ ਦੀ ਸਾਂਝੀ ਨੈਤਿਕ ਜ਼ਿੰਮੇਵਾਰੀ ਹੈ। ਮੇਅਰ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ਜਾਂ ਜਨਤਕ ਥਾਵਾਂ ‘ਤੇ ਕੂੜਾ ਸੁੱਟਣ ਦੀ ਬਜਾਏ ਨਗਰ ਨਿਗਮ ਦੀਆਂ ਗੱਡੀਆਂ ਵਿੱਚ ਹੀ ਕੂੜਾ ਪਾਉਣ ਅਤੇ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ ਰੱਖਣ ਦਾ ਨੇਮ ਬਣਾਉਣ।

