ਗੁਰਨਾਮ ਸਿੰਘ ਅਕੀਦਾ
ਪਟਿਆਲਾ, 29 ਜਨਵਰੀ
ਇਥੇ ਵਿਰਾਸਤੀ ਮੇਲੇ ਦੀ ਕੜੀ ਵਜੋਂ ਮਿਲਟਰੀ ਲਿਟਰੇਚਰ ਫ਼ੈਸਟੀਵਲ ਦੌਰਾਨ ਇੰਡੋ ਤਿੱਬਤੀਅਨ ਬਾਰਡਰ ਪੁਲੀਸ ਬਲ ਅਤੇ ਫ਼ਸਟ ਇੰਡੀਅਨ ਰਿਜ਼ਰਵ ਬਟਾਲੀਅਨ ਦੇ ਬੈਂਡਾਂ ਵੱਲੋਂ ਵਜਾਈਆਂ ਗਈਆਂ ਦੇਸ਼ ਭਗਤੀ ਦੀਆਂ ਧੁਨਾਂ ਨੇ ਪਟਿਆਲਾ ਦੀ ਫ਼ਿਜ਼ਾ ‘ਚ ਦੇਸ਼ ਭਗਤੀ ਦਾ ਰੰਗ ਬਿਖੇਰਿਆ ਤੇ ਹਰੇਕ ਉਮਰ ਵਰਗ ‘ਚ ਨਵਾਂ ਜੋਸ਼ ਪੈਦਾ ਕੀਤਾ।
ਖ਼ਾਲਸਾ ਕਾਲਜ ਮੈਦਾਨ ‘ਚ ਇਕ ਪਾਸੇ ਖੜੇ ਜੰਗੀ ਸਾਜ਼ੋ ਸਾਮਾਨ ਅਤੇ ਸਾਹਮਣੇ ਵੱਜ ਰਹੀਆਂ ਦੇਸ਼ ਭਗਤੀ ਦੀਆਂ ਧੁਨਾਂ ਨੇ ਸਭ ਨੂੰ ਆਕਰਸ਼ਿਤ ਕੀਤਾ। ਆਈ.ਟੀ.ਬੀ.ਪੀ. ਬੈਂਡ ਦੇ ਬੈਂਡ ਮਾਸਟਰ ਤੁਫ਼ਾਨ ਸਿੰਘ ਦੀ ਅਗਵਾਈ ਵਿਚ 27 ਮੈਂਬਰਾਂ ਦੀ ਟੀਮ ਨੇ ‘ਏ ਮੇਰੇ ਵਤਨ ਕੇ ਲੋਗੋ’, ‘ਦਿਲ ਦੀਆ ਹੈ ਜਾਨ ਬੀ ਦੇਗੇ ਏ ਵਤਨ ਤੇਰੇ ਲੀਏ’, ‘ਕਦਮ ਕਦਮ ਬੜਾਏ ਚੱਲ’, ਅਤੇ ‘ਸਾਰੇ ਜਹਾਂ ਸੇ ਅੱਛਾ’ ਵਰਗੀਆਂ ਦੇਸ਼ ਭਗਤੀ ਦੀਆਂ ਧੁਨਾਂ ਰਾਹੀਂ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।
ਫ਼ਸਟ ਆਈ.ਆਰ.ਬੀ. ਬੈਂਡ ਵਿਚ ਬੈਂਡ ਮਾਸਟਰ ਐੱਸ.ਆਈ. ਵਿਕਾਸ ਕੁਮਾਰ ਦੀ ਅਗਵਾਈ ਵਿੱਚ 11 ਮੈਂਬਰੀ ਟੀਮ ਨੇ ‘ਦੇਸ਼ੋਂ ਕਾ ਸਰਤਾਜ ਭਾਰਤ’, ‘ਵੈਲੀ ਆਫ਼ ਦੀ ਗਰੀਨ’, ‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ’ ਅਤੇ ‘ਕੁੱਕ ਆਫ਼ ਦਾ ਨਾਰਥ’ ਵਰਗੀਆਂ ਧੁਨਾਂ ਨਾਲ ਸਰੋਤਿਆਂ ਅੰਦਰ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਮਿਲਟਰੀ ਲਿਟਰੇਚਰ ਫ਼ੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਲੈਫ. ਜਨ. ਟੀ.ਐੱਸ. ਸ਼ੇਰਗਿੱਲ, ਲੈਫ.ਜਨ (ਰਿਟਾ.) ਚੇਤਿੰਦਰ ਸਿੰਘ, ਬ੍ਰਿਗੇਡੀਅਰ ਅਵਦਿਤਿਆ ਮਦਾਨ, ਕਰਨਲ ਪੈਰੀ ਗਰੇਵਾਲ, ਕਰਨਲ ਰੁਸ਼ਨੀਰ ਸਿੰਘ ਚਹਿਲ ਮੌਜੂਦ ਸਨ।
ਫ਼ੈਸਟੀਵਲ ਵਿਚ ਈ-ਵਹੀਕਲ ਰਿਹਾ ਖਿੱਚ ਦਾ ਕੇਂਦਰ
ਵਿਰਾਸਤੀ ਮੇਲੇ ਦੀ ਕੜੀ ਵਿਚ ਖ਼ਾਲਸਾ ਕਾਲਜ ਵਿਚ ਲੱਗੇ ਮਿਲਟਰੀ ਲਿਟਰੇਚਰ ਫ਼ੈਸਟੀਵਲ ਵਿਚ ਥਾਪਰ ਯੂਨੀਵਰਸਿਟੀ ਦੇ ਬੀ ਟੈੱਕ ਵਿਦਿਆਰਥੀਆਂ ਵੱਲੋਂ ਬਣਾਇਆ ਸਮਾਰਟ ਓਟੋਨੋਮਿਸ ਵਹੀਕਲ (ਈ-ਵਹੀਕਲ) ਖਿੱਚ ਦਾ ਕੇਂਦਰ ਰਿਹਾ। ਲੋਕ ਜਿੱਥੇ ਫ਼ੌਜੀ ਟੈਂਕਾਂ ਤੇ ਹੋਰ ਅਸਲਾ ਦੇਖ ਰਹੇ ਸਨ ਉੱਥੇ ਹੀ ਲੋਕਾਂ ਨੇ ਇਸ ਈ ਵਹੀਕਲ ਨੂੰ ਵੀ ਗਹੁ ਨਾਲ ਦੇਖਿਆ। ਇਸ ਈ ਵਹੀਕਲ ਨੂੰ ਬਣਾਉਣ ਵਿਚ ਮਦਦ ਕਰਨ ਵਾਲੇ ਅਧਿਆਪਕ ਡਾ. ਰਵਿੰਦਰ ਕੁਮਾਰ ਦਿਵੇਦੀ, ਡਾ. ਹੇਮ ਦੱਤ ਜੋਸ਼ੀ ਤੇ ਪ੍ਰੋ. ਕੁਲਬੀਰ ਸਿੰਘ ਨੇ ਦੱਸਿਆ ਕਿ ਇਹ ਈ-ਵਹੀਕਲ ਉਨ੍ਹਾਂ ਦੇ ਵਿਦਿਆਰਥੀਆਂ ਅਸੀਸ ਖੁਰਾਣਾ, ਸਚਿਨ ਸੈਣੀ, ਧਰੁਵ ਚੌਹਾਨ, ਅਕਸ਼ਤ ਗੁਪਤਾ, ਅਵੀਨੀਸ਼ ਸਿੰਘ, ਤੇ ਸ਼ਿਵਮ ਚੰਦੇਲ ਨੇ ਬਣਾਇਆ ਜਿਨ੍ਹਾਂ ਦੀ ਚਾਰ ਟੈਕਨੀਸ਼ੀਅਨ ਮਨੋਜ ਕੁਮਾਰ, ਅਮਨਪ੍ਰੀਤ ਸਿੰਘ, ਹਰਿੰਦਰ ਸਿੰਘ ਤੇ ਪਰਮਜੀਤ ਸਿੰਘ ਨੇ ਮਦਦ ਕੀਤੀ। ਇਲੈਕਟ੍ਰੀਕਲ ਦੇ ਸਚਿਨ ਨੇ ਦੱਸਿਆ ਕਿ ਇਹ ਈ-ਵਹੀਕਲ ਮੈਨੂਅਲ ਤੇ ਰਿਮੋਟ ਕੰਟਰੋਲ ਨਾਲ 35 ਕਿੱਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਚੱਲ ਸਕਦਾ ਹੈ।