Mid Day Meal Workers Protest: ਮਿੱਡ-ਡੇਅ ਮੀਲ ਵਰਕਰਾਂ ’ਚ ਸਰਕਾਰ ਖ਼ਿਲਾਫ਼ ਰੋਹ
ਮੰਗਾਂ ਨਾ ਮੰਨਣ ਕਾਰਨ ਨਾਅਰੇਬਾਜ਼ੀ; ਵਿੱਤ ਮੰਤਰੀ ਦੇ ਦਫ਼ਤਰ ਅੱਗੇ ਦੇਣ ਵਾਲਾ ਧਰਨਾ ਮੁਲਤਵੀ
ਲਾਲ ਝੰਡਾ ਮਿੱਡ-ਡੇਅ ਮੀਲ ਵਰਕਰਜ਼ ਯੂਨੀਅਨ ਸੰਗਰੂਰ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਇੱਥੇ ਗੁਰਦੁਆਰਾ ਸੱਚਖੰਡ ਵਿੱਚ ਸੂਬਾ ਜਨਰਲ ਸਕੱਤਰ ਜਸਮੇਲ ਕੌਰ ਬੀਰ ਕਲਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਸਮੇਲ ਕੌਰ ਬੀਰ ਕਲਾਂ, ਮੱਖਣ ਸਿੰਘ ਜਖੇਪਲ, ਸੁਖਵਿੰਦਰ ਕੌਰ ਰਣੀਕੇ, ਬਲਜਿੰਦਰ ਕੌਰ ਦਿੜ੍ਹਬਾ, ਤੇਜ ਕੌਰ ਸ਼ੇਰਪੁਰ ਅਤੇ ਮਨਜੀਤ ਕੌਰ ਲੌਂਗੋਵਾਲ ਨੇ ਕਿਹਾ ਕਿ ਮਿੱਡ-ਡੇਅ ਮੀਲ ਵਰਕਰ ਨਿਗੂਣੇ ਮਾਣ-ਭੱਤੇ ’ਤੇ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਹਨ ਅਤੇ ਮਹਿੰਗਾਈ ਦੇ ਦੌਰ ਵਿੱਚ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਰਕਰਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਅਣਦੇਖੀ ਕੀਤੀ ਜਾ ਰਹੀ ਹੈ। ਆਗੂਆਂ ਨੇ ਦੱਸਿਆ ਕਿ ਦੋ ਸਤੰਬਰ ਨੂੰ ਦਿੜ੍ਹਬਾ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫ਼ਤਰ ਅੱਗੇ ਦਿੱਤਾ ਜਾਣ ਵਾਲਾ ਧਰਨਾ ਪ੍ਰਸ਼ਾਸਨ ਵੱਲੋਂ ਵਿੱਤ ਮੰਤਰੀ, ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਲੇਬਰ ਸਕੱਤਰ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦੇਣ ਮਗਰੋਂ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਮਿੱਡ-ਡੇਅ ਮੀਲ ਵਰਕਰਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਵਿੱਚ ਲਿਆਉਣ, 26 ਹਜ਼ਾਰ ਰੁਪਏ ਮਹੀਨਾਵਾਰ ਉਜਰਤ ਦੇਣ, ਗ੍ਰੈਚੁਟੀ ਐਕਟ-1972 ਲਾਗੂ ਕਰਨ, ਈ ਐੱਸ ਆਈ ਤੇ ਪ੍ਰਾਵੀਡੈਂਟ ਫੰਡ ਦੀ ਸਹੂਲਤ ਦੇਣ, 25 ਬੱਚਿਆਂ ਪਿੱਛੇ ਇੱਕ ਵਰਕਰ ਨਿਯੁਕਤ ਕਰਨ, ਕੰਮ ਦੌਰਾਨ ਹਾਦਸੇ ਦੀ ਸੂਰਤ ਵਿੱਚ 50 ਲੱਖ ਰੁਪਏ ਦਾ ਬੀਮਾ ਦੇਣ ਅਤੇ ਵਗਾਰ ਬੰਦ ਕਰਨ ਦੀ ਮੰਗ ਕੀਤੀ। ਇਸ ਮੌਕੇ ਚਰਨਜੀਤ ਕੌਰ ਬਾਲਦ ਕਲਾਂ, ਜੱਸੀ ਸੁਨਾਮ, ਮਨਜੀਤ ਕੌਰ ਛਾਜਲੀ, ਬਲਜਿੰਦਰ ਕੌਰ ਬੀਰੋਕੇ, ਨਾਇਬ ਸਿੰਘ ਰਾਮਗੜ੍ਹ ਜਵੰਧੇ, ਭੋਲਾ ਸਿੰਘ ਜਖੇਪਲ ਅਤੇ ਕਸ਼ਮੀਰ ਸਿੰਘ ਹਾਜ਼ਰ ਸਨ।

