
ਸਥਾਪਨਾ ਦਿਵਸ ਸਮਾਗਮ ਮੌਕੇ ਸ਼ਮ੍ਹਾਂ ਰੌਸ਼ਨ ਕਰਦੇ ਹੋਏ ਮੁੱਖ ਮਹਿਮਾਨ ਅਤੇ ਹੋਰ। -ਫੋਟੋ: ਭੰਗੂ
ਖੇਤਰੀ ਪ੍ਰਤੀਨਿਧ
ਪਟਿਆਲਾ, 5 ਫਰਵਰੀ
ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ ਦਾ ਸਥਾਪਨਾ ਦਿਵਸ ਸਮਾਗਮ ਅੱਜ ਸਮਾਪਤ ਹੋ ਗਿਆ। ਸਮਾਗਮ ਦੀ ਸਮਾਪਤੀ ਸਾਹਿਤਕ ਸਰਗਰਮੀਆਂ ਨਾਲ ਹੋਈ। ਇਸ ਦੌਰਾਨ ਸਕੂਲ ਵਿਚਲੇ ‘ਕੈਪਟਨ ਅਮਰਿੰਦਰ ਸਿੰਘ ਆਡੀਟੋਰੀਅਮ’ ਵਿੱਚ ਸਥਾਪਨਾ ਦਿਵਸ ਸਮਾਰੋਹ ਦੇ ਸਮਾਪਤੀ ਮੌਕੇ ਅੱਜ ਐਤਵਾਰ ਨੂੰ ਸਕੂਲ ਦੇ ਮੌਜੂਦਾ ਤੇ ਸਾਬਕਾ ਵਿਦਿਆਰਥੀਆਂ ਦੁਆਰਾ ਲਿਖੀਆਂ ਤਿੰਨ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਸਾਗਾਸ, ਪਟਿਆਲਾ ਡਾਇਰੀ ਅਤੇ ਓਏਈ ਟਾਈਮਜ਼ ਸ਼ਾਮਲ ਰਹੀਆਂ। ਸਾਗਾਸ ਵਿੱਚ 75 ਛੰਦਾਂ ਵਿੱਚ ਸਕੂਲ ਦਾ ਇਤਿਹਾਸ ਦਰਜ ਹੈ। ਪਟਿਆਲਾ ਡਾਇਰੀ ਸਕੂਲ ਦੇ ਪ੍ਰਤਿਭਾਸ਼ਾਲੀ ਲੇਖਕਾਂ ਦੁਆਰਾ ਲਿਖੀਆਂ ਛੋਟੀਆਂ ਕਹਾਣੀਆਂ ਦਾ ਸੰਗ੍ਰਹਿ ਹੈ, ਜਦਕਿ ਓਏਈ ਟਾਈਮਜ਼ ਸਾਬਕਾ ਵਿਦਿਆਰਥੀਆਂ ਦੁਆਰਾ ਲਿਖੇ ਨਿੱਜੀ ਅਨੁਭਵਾਂ ਦਾ ਸੰਗ੍ਰਹਿ ਹੈ। ਇਸ ਮੌਕੇ ਵਾਈਪੀਐਸ ਦੇ ਬੋਰਡ ਮੈਂਬਰ, ਅਧਿਕਾਰੀ, ਸਟਾਫ਼, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ।
ਸਮਾਪਤੀ ਸਮਰੋਹ ’ਤੇ ਆਧਾਰਤ ਪ੍ਰੋਗਰਾਮ ਦੀ ਸ਼ੁਰੂਆਤ ਵਾਈਪੀਐਸ ਬੋਰਡ ਆਫ਼ ਗਵਰਨਰਜ਼ ਦੇ ਚੇਅਰਮੈਨ ਰਾਜਾ ਮਾਲਵਿੰਦਰ ਸਿੰਘ ਦੇ ਪਹੁੰਚਣ ਨਾਲ ਹੋਈ। ਗਾਇਤਰੀ ਮੰਤਰ ਅਤੇ ਮੂਲ ਮੰਤਰ ਨੇ ਜਸ਼ਨਾਂ ਦੀ ਸ਼ੁਭ ਸ਼ੁਰੂਆਤ ਕੀਤੀ। ਸਵਾਗਤੀ ਭਾਸ਼ਣ ਤੋਂ ਬਾਅਦ ਭੂਮੀ ਮੰਗਲਮ, ਰਾਗ ਅਤੇ ਸਕੂਲੀ ਗੀਤ ਪੇਸ਼ ਕੀਤਾ ਗਿਆ। ਉਦੋਂ ਸਾਰੇ ਹਾਜ਼ਰੀਨ ਨੇ ਵਡੇਰਾ ਮਾਣ ਅਤੇ ਖੁਸ਼ੀ ਮਹਿਸੂਸ ਕੀਤੀ, ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਕੂਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਮਹਾਰਾਜਾ ਅਮਰਿੰਦਰ ਸਿੰਘ ਦਾ ਇੱਕ ਵਿਸ਼ੇਸ਼ ਸੰਦੇਸ਼ ਸਕ੍ਰੀਨ ’ਤੇ ਪ੍ਰਦਰਸ਼ਿਤ ਕੀਤਾ ਗਿਆ। ਉਨ੍ਹਾਂ ਨੇ ਵਾਈਪੀਐਸ ਨੂੰ 75 ਸ਼ਾਨਦਾਰ ਸਾਲ ਪੂਰੇ ਕਰਨ ਲਈ ਵਧਾਈ ਦਿੱਤੀ।
ਕਲਾ, ਫੋਟੋਗ੍ਰਾਫੀ ਅਤੇ ਆਈ.ਟੀ ਖੇਤਰ ਦੇ ਸਕੂਲੀ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦੇ ਪ੍ਰਦਰਸ਼ਨ ਲਈ ਪ੍ਰਦਰਸ਼ਨੀ ਲਗਾਈ, ਜਿਸ ਦਾ ਉਦਘਾਟਨ ਰਾਣੀ ਹਰੀਪ੍ਰਿਆ ਕੌਰ ਨੇ ਕੀਤਾ। ਵਾਈਪੀਐਸ ਚੇਅਰਮੈਨ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਉਪਰਾਲੇ ਲਈ ਵਧਾਈ ਦਿੱਤੀ। ਦਿਨ ਦੀਆਂ ਹੋਰ ਮੁੱਖ ਗੱਲਾਂ ਵਿੱਚ ਹੁਣ ਤੱਕ ਦੇ ਸਫ਼ਰ ਦੀ ਇੱਕ ਵੀਡੀਓ ਪੇਸ਼ਕਾਰੀ ਅਤੇ ਗੁਜਰਾਤ ਦੇ ਲੋਕ ਨਾਚ ‘ਅਸਵਰ’ ਦਾ ਇੱਕ ਮਨਮੋਹਕ ਪ੍ਰਦਰਸ਼ਨ ਵੀ ਸ਼ਾਮਲ ਸੀ। ਵਾਈਪੀਐਸ ਦੇ ਡਾਇਰੈਕਟਰ ਮੇਜਰ ਜਨਰਲ ਬੀਐਸ ਗਰੇਵਾਲ ਨੇ ਆਪਣੇ ਭਾਸ਼ਣ ਦੌਰਾਨ ਸਾਰਿਆਂ ਦਾ ਧੰਨਵਾਦ ਕੀਤਾ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ