Memorandum To Election Officials: ਪਰਵਾਸੀ ਮਜ਼ਦੂਰਾਂ ਤੇ ਗੱਡੀਆਂ ਵਾਲਿਆਂ ਦੀਆਂ ਵੋਟਾਂ ਬਣਾਉਣ ਦਾ ਵਿਰੋਧ
ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ
ਹਲਕਾ ਮਾਲੇਰਕੋਟਲਾ ਦੇ ਸਭ ਤੋਂ ਵੱਡੇ ਪਿੰਡ ਹਥਨ ’ਚ ਖੇਤਾਂ ਦੀਆਂ ਮੋਟਰਾਂ ’ਤੇ ਰਹਿੰਦੇ ਪਰਵਾਸੀ ਮਜ਼ਦੂਰਾਂ ਅਤੇ ਸ਼ਾਮਲਾਤ ਥਾਂ ’ਤੇ ਬੈਠੇ ‘ਗੱਡੀਆਂ ਵਾਲੇ’ ਘੁਮੰਤਰ ਪਰਿਵਾਰਾਂ ਦੀਆਂ ਵੋਟਾਂ ਬਣਾਉਣ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਐੱਸ ਆਈ ਆਰ ਤਹਿਤ 2003 ਦੀ ਵੋਟਰ ਸੂਚੀ ਨਾਲ ਅਨਮੈਪ ਜਾਂ ਅਨਮੈਚ ਰਹਿ ਗਏ ਵੋਟਰਾਂ ਦੇ ਦਸਤਾਵੇਜ਼ ਪ੍ਰਾਪਤ ਕਰਨ ਪਹੁੰਚੇ ਚੋਣ ਅਧਿਕਾਰੀਆਂ ਨੂੰ ਪਿੰਡ ਵਾਸੀਆਂ ਨੇ ਮੰਗ ਪੱਤਰ ਸੌਂਪ ਕੇ ਇਨ੍ਹਾਂ ਮਾਮਲਿਆਂ ਦੀ ਨਿਯਮਾਂ ਅਨੁਸਾਰ ਜਾਂਚ ਕਰਨ ਦੀ ਮੰਗ ਕੀਤੀ ਹੈ। ਮੰਗ ਪੱਤਰ ਸੌਂਪਣ ਵਾਲੇ ਆਗੂਆਂ ਵਿਚ ਸਦੀਕ ਮੁਹੰਮਦ ਡਾਇਰੈਕਟਰ ਸਹਿਕਾਰੀ ਸਭਾ ਅਤੇ ਸਾਬਕਾ ਪੰਚ, ਸਾਬਕਾ ਸਰਪੰਚ ਗੁਰਬਾਜ ਸਿੰਘ ਡਾਇਰੈਕਟਰ ਸਹਿਕਾਰੀ ਸਭਾ, ਪਰਮਜੀਤ ਸਿੰਘ, ਤਰਸਪਾਲ ਸਿੰਘ, ਰਣਜੀਤ ਸਿੰਘ ਸਾਬਕਾ ਪੰਚ, ਗੁਰਮੇਲ ਸਿੰਘ ਤੇ ਗੁਰਜੀਤ ਸਿੰਘ ਦੋਵੇਂ ਅਕਾਲੀ ਦਲ ਬਾਦਲ), ਸੁਰਿੰਦਰ ਸਿੰਘ, ਤੇਜਵਿੰਦਰ ਸਿੰਘ, ਜੁਗਰਾਜ ਸਿੰਘ ਫੌਜੀ ਅਤੇ ਪਰਮੇਲ ਸਿੰਘ ਸਮਾਜ ਭਲਾਈ ਟੀਮ ਹਥਨ, ਰਾਜਵਿੰਦਰ ਸਿੰਘ ਜੈਜੀ ਅਤੇ ਮੁਹੰਮਦ ਕਾਸਿਮ ਆਗੂ ਕਾਂਗਰਸ ਪਾਰਟੀ), ਮਨਦੀਪ ਸਿੰਘ ਆਗੂ ਵਾਰਿਸ ਪੰਜਾਬ ਅਤੇ ਕਰਮਦੀਨ ਸ਼ਾਮਲ ਸਨ। ਪਿੰਡ ਵਾਸੀਆਂ ਨੇ ਐੱਸ ਡੀ ਐੱਮ ਦੇ ਨਾਂ ਭੇਜੇ ਪੱਤਰ ਵਿਚ ਮੰਗ ਕੀਤੀ ਕਿ ਐੱਸ ਆਈ ਆਰ ਪ੍ਰਕਿਰਿਆ ਦੌਰਾਨ ਕੇਵਲ ਪੁਰਾਣੇ ਵੋਟਰ ਕਾਰਡ ਜਾਂ ਆਧਾਰ ਕਾਰਡ ਨੂੰ ਕਿਸੇ ਵਿਅਕਤੀ ਦੀ ਵੋਟਰ ਯੋਗਤਾ ਜਾਂ ਨਵੇਂ ਦਸਤਾਵੇਜ਼ ਤਿਆਰ ਕਰਨ ਦਾ ਇਕੱਲਾ ਆਧਾਰ ਨਾ ਬਣਾਇਆ ਜਾਵੇ, ਸਗੋਂ ਲਾਗੂ ਚੋਣ ਕਾਨੂੰਨ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋੜੀਂਦੀ ਤਸਦੀਕ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਕੁੱਝ ਲੋਕਾਂ ਨੇ ਪੁਰਾਣੇ ਵੋਟਰ ਕਾਰਡ ਅਤੇ ਅਧਾਰ ਕਾਰਡ ਨੂੰ ਵਰਤ ਕੇ ਐੱਸ ਆਈ ਆਰ ਲਈ ਲੋੜੀਂਦੇ ਜਾਤੀ ਅਤੇ ਰਿਹਾਇਸੀ ਸਰਟੀਫਿਕੇਟ ਬਣਾ ਲਏ ਹਨ।
ਵੋਟਰਾਂ ਨੂੰ ਨੋਟਿਸ ਜਾਰੀ ਕਰਨ ਤੇ ਸੁਣਵਾਈ ਪ੍ਰਕਿਰਿਆ ਜਾਰੀ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਸਪੈਸ਼ਲ ਇੰਟੈਸਿਵ ਰਿਵੀਜ਼ਨ (ਐੱਸ ਆਈ ਆਰ) 2026 ਦੇ ਦੂਜੇ ਪੜਾਅ ਦੌਰਾਨ ਜ਼ਿਲ੍ਹਾ ਚੋਣ ਅਫਸਰ-ਕਮ ਡੀ ਸੀ ਪੂਨਮਦੀਪ ਕੌਰ ਦੇ ਨਿਰਦੇਸ਼ਾਂ ਮੁਤਾਬਕ ਅੰਕੁਰ ਮਹਿੰਦਰੂ, ਏ ਡੀ ਸੀ ਜਨਰਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜ਼ਿਲ੍ਹਾ ਸੰਗਰੂਰ ਅਧੀਨ ਆਉਂਦੇ ਪੰਜ ਵਿਧਾਨ ਸਭਾ ਚੋਣ ਹਲਕਿਆਂ ਦੇ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਦੀ ਮੀਟਿੰਗ ਹੋਈ। ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ 2003 ਦੀ ਵੋਟਰ ਸੂਚੀ ਨਾਲ ਮੈਪ ਨਾ ਹੋਣ ਵਾਲੇ (ਜਿਨ੍ਹਾਂ ਦੇ ਫਾਰਮ ਪ੍ਰਾਪਤ ਹੋਏ ਹਨ ਪਰ ਮੈਪਿੰਗ ਨਹੀਂ ਹੋਈ) ਵੋਟਰਾਂ ਨੂੰ ਨੋਟਿਸ ਜਾਰੀ ਕਰਨ ਅਤੇ ਸੁਣਵਾਈ ਦੀ ਪ੍ਰਕਿਰਿਆ ਜਾਰੀ ਹੈ। ਇਸ ਸਬੰਧੀ ਵੋਟਰਾਂ ਨੂੰ ਪੂਰੀ ਤਰ੍ਹਾਂ ਜਾਗਰੂਕ ਕਰਨ ਦੀ ਹਦਾਇਤ ਕੀਤੀ। ਡਰਾਫਟ ਵੋਟਰ ਸੂਚੀ ਜ਼ਿਲ੍ਹਾ ਸੰਗਰੂਰ ਦੀ ਵੈਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਜੇਕਰ ਕਿਸੇ ਵਿਅਕਤੀੇਯੋਗ ਵੋਟਰ ਦਾ ਨਾਮ ਡਰਾਫਟ ਵੋਟਰ ਸੂਚੀ ਵਿੱਚ ਦਰਜ ਹੋਣ ਤੋਂ ਰਹਿ ਗਿਆ ਹੈ ਤਾਂ ਉਹ 12 ਸਤੰਬਰ 2026 ਤਕ ਫਾਰਮ ਨੰਬਰ 6 ਭਰ ਕੇ ਆਨਲਾਈਨ ਜਾਂ ਦਸਤੀ ਰੂਪ ਵਿੱਚ ਆਪਣਾ ਦਾਅਵਾ ਦਰਜ ਕਰ ਸਕਦੇ ਹਨ।

