Mehra Maha Sabha ਵੱਲੋਂ ਰਾਜਨੀਤੀ ’ਚ ਕੁੱਦਣ ਦਾ ਐਲਾਨ
ਕਿਸੇ ਸਿਆਸੀ ਪਾਰਟੀ ਵੱਲੋਂ ਹੁਣ ਤੱਕ ਨੁਮਾਇੰਦਗੀ ਨਾ ਦੇਣ ’ਤੇ ਰੋਸ ਪ੍ਰਗਟਾਇਆ
ਹਲਕਾ ਸਨੌਰ ਵਿੱਚ ਮਹਿਰਾ ਮਹਾਸਭਾ ਪੰਜਾਬ ਵੱਲੋਂ ਦੂਜਾ ਸਰਬ ਸਾਂਝਾ ਭਾਈਚਾਰਕ ਇਕੱਠ ਐਡਵੋਕੇਟ ਨਿਰਮਲ ਸਿੰਘ ਬੀਬੀਪੁਰ ਦੀ ਪ੍ਰਧਾਨਗੀ ਹੇਠ ਇੱਥੇ ਹੋਇਆ। ਇਸ ਮੌਕੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਫਤਹਿਗੜ੍ਹ ਸਾਹਿਬ ਦੇ ਚੇਅਰਮੈਨ, ਭਾਈ ਹਿੰਮਤ ਸਿੰਘ ਖਾਲਸਾ ਦਲ, ਕਰਨਾਲ (ਹਰਿਆਣਾ) ਤੋਂ ਕਸ਼ਿਅਪ ਸਭਾ ਦੇ ਪ੍ਰਧਾਨ ਤੇ ਉਨ੍ਹਾਂ ਦੀ ਟੀਮ, ਇਸ ਤੋਂ ਇਲਾਵਾ ਐੱਸ ਸੀ, ਬੀ ਸੀ, ਮੁਸਲਿਮ ਅਤੇ ਜਨਰਲ ਵਰਗਾਂ ਦੇ ਪ੍ਰਤੀਨਿਧੀਆਂ ਨੇ ਹਾਜ਼ਰੀ ਲਾਈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਮਾਜ ਦੇ ਹੱਕਾਂ ਲਈ ਹੁਣ ਸਮਾਂ ਆ ਗਿਆ ਹੈ ਕਿ ਸਾਰੇ ਭਾਈਚਾਰੇ ਇਕਜੁੱਟ ਹੋ ਕੇ ਲਾਮਬੰਦ ਹੋਣ। ਉਨ੍ਹਾਂ ਲੋਕਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਰਹਿਣ ਅਤੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ ਭਾਈਚਾਰੇ ਨੂੰ ਕਿਸੇ ਵੀ ਸਿਆਸੀ ਪਾਰਟੀ ਨੇ ਨੁਮਾਇੰਦਗੀ ਨਹੀਂ ਦਿੱਤੀ, ਜਿਸ ਕਾਰਨ ਹੁਣ ਸਿਆਸਤ ਵਿੱਚ ਕੁੱਦਣ ਦਾ ਫੈਸਲਾ ਲਿਆ ਗਿਆ ਹੈ। ਇਸ ਮੌਕੇ ਮਹਿਰਾ ਮਹਾਂ ਸਭਾ ਪੰਜਾਬ ਦੇ ਆਗੂ ਨਿਰਮਲ ਸਿੰਘ ਨੇ ਕਿਹਾ ਕਿ ਸਮਾਜ ਦੀ ਮਜ਼ਬੂਤ ਆਵਾਜ਼ ਬਣਨ ਲਈ ਰਾਜਨੀਤਿਕ ਮੰਚ ’ਤੇ ਆਉਣਾ ਲਾਜ਼ਮੀ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸੰਘਰਸ਼ ਸਿਰਫ ਹੱਕਾਂ ਦੀ ਪ੍ਰਾਪਤੀ ਲਈ ਹੀ ਨਹੀਂ, ਸਗੋਂ ਸਮਾਜ ਦੀ ਭਲਾਈ ਅਤੇ ਆਪਣੀ ਹੋਂਦ ਕਾਇਮ ਰੱਖਣ ਲਈ ਵੀ ਬਹੁਤ ਮਹੱਤਵਪੂਰਨ ਹੈ। ਇਸ ਮੌਕੇ ਸਭਾ ਦੇ ਆਗੂਆਂ ਨੇ ਦ੍ਰਿੜਤਾ ਨਾਲ ਕਿਹਾ ਕਿ ਇਹ ਸੰਘਰਸ਼ ਉਸ ਵੇਲੇ ਤੱਕ ਜਾਰੀ ਰਹੇਗਾ ਜਦ ਤੱਕ ਭਾਈਚਾਰੇ ਨੂੰ ਉਸ ਦੇ ਪੂਰੇ ਜਮਹੂਰੀ ਹੱਕ ਪ੍ਰਾਪਤ ਨਹੀਂ ਹੋ ਜਾਂਦੇ।

