ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 15 ਸਤੰਬਰ
ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਨੇ ਸੂਲਰ ਘਰਾਟ ਵਿੱਚ ਅਕਾਲੀ ਬਸਪਾ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਅੰਗਰੇਜ਼ਾਂ ਦੀ ਯੋਜਨਾ ’ਤੇ ਚੱਲ ਕੇ ਦੇਸ਼ ਨੂੰ ਬਰਬਾਦ ਕਰਨ ਦੀਆਂ ਬਰੂਹਾਂ ’ਤੇ ਲਿਜਾ ਰਹੀ ਹੈ। ਇਸੇ ਤਹਿਤ ਕਿਸਾਨਾਂ ਦੇ ਨਾ ਚਾਹੁਣ ’ਤੇ ਧੱਕੇ ਨਾਲ ਖੇਤੀ ਬਿਲ ਲਿਆਂਦੇ ਅਤੇ ਖੇਤੀ ਬਿਲ ਲਿਆਉਣਾ ਮੋਦੀ ਦਾ ਗੁਪਤ ਏਜੰਡਾ ਹੈ। ਇਸ ਰਾਹੀਂ ਉਹ ਅਡਾਨੀ-ਅਬਾਨੀ ਅਤੇ ਹੋਰ ਰਜਵਾੜਾਸ਼ਾਹੀ ਲੋਕਾਂ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਮੰਡੀਆਂ ’ਤੇ ਕਾਬਜ਼ ਕਰਵਾ ਕੇ ਦੇਸ਼ ਨੂੰ ਬਰਬਾਦ ਕਰਨ ਦੀਆਂ ਬਰੂਹਾਂ ’ਤੇ ਲਿਜਾਣ ਦੀ ਕੋਸ਼ਿਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਲਕੇ ਅਕਾਲੀ-ਬਸਪਾ ਆਗੂਆਂ ਤੇ ਵਰਕਰਾਂ ਵੱਲੋਂ ਵੱਡੀ ਗਿਣਤੀ ਵਿੱਚ ਦਿੱਲੀ ਜਾਣ ਤੋਂ ਬਾਅਦ ਪਾਰਟੀ ਸਰਗਰਮੀਆਂ ਵਿੱਢੀਆਂ ਜਾਣਗੀਆਂ ਅਤੇ ਵਰਕਰਾਂ ਵਿੱਚ ਚੋਣਾਂ ਨੂੰ ਲੈ ਕੇ ਉਤਸ਼ਾਹ ਹੈ। ਉਨ੍ਹਾਂ ਕਾਂਗਰਸ ਪਾਰਟੀ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਇਆ। ਉਨ੍ਹਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਕਾਲੀ-ਬਸਪਾ ਆਗੂਆਂ ਤੇ ਵਰਕਰਾਂ ਨੂੰ 2022 ਦੀਆਂ ਚੋਣਾਂ ਵਿੱਚ ਅਕਾਲੀ-ਬਸਪਾ ਗੱਠਜੋੜ ਲਈ ਪੂਰੀਆਂ ਸਰਗਰਮੀਆਂ ਕਰਨ ਦੀ ਅਪੀਲ ਕੀਤੀ। ਇਸ ਮੌਕੇ ਕਰਨ ਘੁਮਾਣ ਕੈਨੇਡਾ , ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ ਬਸਪਾ , ਬੰਤਾ ਸਿੰਘ ਕੈਂਪਰ, ਗੁਰਜਿੰਦਰ ਸਿੰਘ ਹਨੀ ਮਰਦਖੇੜਾ, ਸਾਬਕਾ ਜਿਲ਼ਾ ਪ੍ਰੀਸ਼ਦ ਮੈਂਬਰ ਹਰਮੇਲ ਸਿੰਘ ਰੋਗਲਾ, ਜਥੇਦਾਰ ਨਾਜਰ ਸਿੰਘ ਖਾਨਪੁਰ, ਹੈਪੀ ਖਡਿਆਲ,ਭੋਲਾ ਸਿੰਘ ਧਰਮਗੜ, ਪ੍ਰਿੰਸੀਪਲ ਗੁਰਬਖਸ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ। ਮੀਟਿੰਗ ਵਿੱਚ ਸਾਬਕਾ ਸਰਪੰਚ ਕਰਨੈਲ ਸਿੰਘ ਸਮੂਰਾਂ, ਰਾਮਪਾਲ ਸਿੰਘ ਦਿੜਬਾ, ਸੁਰਜੀਤ ਸਿੰਘ ਬਰਨਾਲਾ, ਸਰਪੰਚ ਗੁਰਤੇਜ ਸਿੰਘ, ਸ਼ੇਰ ਸਿੰਘ ਸੂਲਰ ਆਦਿ ਸੁਨਾਮ ਅਤੇ ਦਿੜ੍ਹਬਾ ਹਲਕੇ ਦੇ ਅਕਾਲੀ ਬਸਪਾ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ।