ਅਸ਼ਵਨੀ ਗਰਗ/ਸੁਭਾਸ਼ ਚੰਦਰ
ਸਮਾਣਾ, 26 ਮਈ
ਬਲਾਕ ਸਮਿਤੀ ਸਮਾਣਾ ਦੇ ਕਾਂਗਰਸੀ ਚੇਅਰਮੈਨ ਸੋਨੀ ਸਿੰਘ ਖ਼ਿਲਾਫ਼ ਬੇ-ਭਰੋਸਗੀ ਮਤਾ ਲਿਆਉਣ ਲਈ ਰੱਖੀ ਮੀਟਿੰਗ ਪ੍ਰਸ਼ਾਸਨ ਵੱਲੋਂ ਐਨ ਮੌਕੇ ’ਤੇ ਬਿਨਾਂ ਕਾਰਨ ਦੱਸੇ ਰੱਦ ਕਰ ਦਿੱਤੀ। ਜਦੋਂਕਿ ਹਲਕੇ ਦੇ ਕਾਂਗਰਸ ਦੇ ਸਾਬਕਾ ਵਿਧਾਇਕ ਰਾਜਿੰਦਰ ਸਿੰਘ ਨੇ ਜਿੱਥੇ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ’ਤੇ ਪ੍ਰਸ਼ਾਸਨ ਨਾਲ ਮਿਲ ਕੇ ਧੱਕੇਸ਼ਾਹੀ ਕਰਨ ਦੇ ਦੋਸ਼ ਲਾਏ, ਉੱਥੇ ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਨੂੰ ਪਤਾ ਲੱਗ ਚੁੱਕਾ ਹੈ ਕਿ ਧੱਕੇਸ਼ਾਹੀ ਨਾਲ ਵੀ ਜਦੋਂ ਉਹ ਮੈਂਬਰ ਇੱਕਠੇ ਨਹੀਂ ਕਰ ਸਕਿਆ ਤਾਂ ਉਨ੍ਹਾਂ ਮੀਟਿੰਗ ਰੱਦ ਕਰ ਦਿੱਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਧੱਕਾ ਕਰਨ ਦਾ ਯਤਨ ਕੀਤਾ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਹੇਠ ਸਮਾਣਾ ਸ਼ਹਿਰ ਨੂੰ ਜਾਮ ਕੀਤਾ ਜਾਵੇਗਾ।
ਬਲਾਕ ਸਮਿਤੀ ਸਮਾਣਾ ਦੇ ਕਾਂਗਰਸੀ ਚੇਅਰਮੈਨ ਖ਼ਿਲਾਫ਼ ਬੇਭਰੋਸਗੀ ਦਾ ਮਤਾ ਲਿਆਉਣ ਲਈ ਅੱਜ ਬੀਡੀਪੀਓ ਦਫ਼ਤਰ ’ਚ ਮੀਟਿੰਗ ਰੱਖੀ ਸੀ ਜਿਸ ’ਚ ਏਡੀਸੀ (ਡੀ) ਪਟਿਆਲਾ ਰੂਲਰ ਮੈਡਮ ਇਸ਼ਾ ਸਿੰਗਲ ਨੇ ਪਹੁੰਚਣਾ ਸੀ। ਮੀਟਿੰਗ ਦੌਰਾਨ ਬਲਾਕ ਸਮਿਤੀ ਦੇ ਕੁਲ 21 ਮੈਂਬਰਾਂ ਵਿੱਚੋਂ ਕਾਂਗਰਸ ਪਾਰਟੀ ਨਾਲ ਸਬੰਧਤ 11 ਮੈਂਬਰ ਮੀਟਿੰਗ ਲਈ ਪਹੁੰਚ ਗਏ ਪਰ ਐਨ ਮੌਕੇ ’ਤੇ ਬਿਨਾਂ ਕਾਰਨ ਦੱਸੇ ਮੀਟਿੰਗ ਨੂੰ ਰੱਦ ਕਰ ਦਿੱਤਾ। ਕਾਂਗਰਸ ਦੇ ਸਾਬਕਾ ਵਿਧਾਇਕ ਰਾਜਿੰਦਰ ਨੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ’ਤੇ ਦੋਸ਼ ਲਾਇਆ ਕਿ ਉਹ ਧੱਕੇਸ਼ਾਹੀ ਨਾਲ ਬਲਕਾ ਸਮਿਤੀ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਬੀਤੀ ਰਾਤ ਹਲਕਾ ਵਿਧਾਇਕ ਤੇ 3 ਪੀਏ ਤੇ 2 ਹੋਰ ਬੰਦੇ ਜੋ ਹਲਕਾ ਵਿਧਾਇਕ ਦੀ ਸਰਕਾਰੀ ਗੱਡੀ ’ਚ ਆਏ ਸਨ ਨੇ ਬਲਾਕ ਸਮਿਤੀ ਚੇਅਰਮੈਨ ਸੋਨੀ ਸਿੰਘ ਤੇ ਪੰਚਾਇਤ ਯੂਨੀਅਨ ਜ਼ਿਲ੍ਹਾ ਪਟਿਆਲਾ ਦੇ ਚੇਅਰਮੈਨ ਯਾਦਵਿੰਦਰ ਸਿੰਘ ਧਨੌਰੀ ਦੀ ਪਹਿਲਾਂ ਕੁੱਟਮਾਰ ਕੀਤੀ ਤੇ ਫ਼ਿਰ ਵਿਧਾਇਕ ਦੀ ਗੱਡੀ ’ਚ ਸੁੱਟ ਦੇ ਪੁਰੀ ਰਾਤ ਸਦਰ ਥਾਣਾ ਵਿੱਚ ਬੰਦ ਰੱਖਿਆ। ਉਨ੍ਹਾਂ ਦੋਸ਼ ਲਾਇਆ ਕਿ ਸਦਰ ਥਾਣਾ ਮੁਖੀ ਨੇ ਵੀ ਉਨ੍ਹਾਂ ਨੂੰ ਧਮਕਾਇਆ ਅਤੇ ਬੇਇੱਜਤ ਕੀਤਾ। ਉਨ੍ਹਾਂ ਹਲਕਾ ਵਿਧਾਇਕ ’ਤੇ ਧੱਕਾਸ਼ਾਹੀ ਨਾਲ ਬਲਾਕ ਸਮਿਤੀ ’ਤੇ ਕਬਜ਼ਾ ਕਰਨ ਦੇ ਦੋਸ਼ ਵੀ ਲਗਾਏ।
ਸਾਬਕਾ ਵਿਧਾਇਕ ਰਾਜਿੰਦਰ ਸਿੰਘ ਨੇ ਕਾਂਗਰਸੀ ਸਮਰਥਕ ਬਲਾਕ ਸਮਿਤੀ ਮੈਂਬਰਾਂ ਨੂੰ ਮੀਡੀਆ ਅੱਗੇ ਪੇਸ਼ ਕਰਦੇ ਹੋਏ ਕਿਹਾ ਕਿ ਹੁਣ ਜਦੋਂ ਹਲਕਾ ਵਿਧਾਇਕ ਮੈਂਬਰਾਂ ਨੂੰ ਡਰਾ ਧਮਕਾ ਕੇ ਤੋੜਨ ਵਿੱਚ ਅਸਫ਼ਲ ਰਿਹਾ ਹੈ ਤਾਂ ਉਸਨੇ ਪ੍ਰਸ਼ਾਸਨ ਨਾਲ ਮਿਲ ਕੇ ਅੱਜ ਦੀ ਮੀਟਿੰਗ ਨੂੰ ਹੀ ਰੱਦ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਡੀਸੀ ਪਟਿਆਲਾ ਅਤੇ ਐੱਸਐੱਸਪੀ ਪਟਿਆਲਾ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆ ਦਿੱਤਾ ਹੈ। ਬਲਾਕ ਸਮਿਤੀ ਚੇਅਰਮੈਨ ਸੋਨੀ ਸਿੰਘ ਨੇ ਕਿਹਾ ਕਿ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਧੱਕੇਸ਼ਾਹੀ ਨਾਲ ਉਨ੍ਹਾਂ ਦੀ ਚੇਅਰਮੈਨੀ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ।
ਬੀਡੀਪੀਓ ਅਤੇ ਵਿਧਾਇਕ ਵੱਲੋਂ ਦੋਸ਼ ਰੱਦ
ਇਸ ਬਾਰੇ ਜਦੋਂ ਬੀਡੀਪੀਓ ਸਮਾਣਾ ਗੁਰਮੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਏਡੀਸੀ (ਡੀ) ਪਟਿਆਲਾ ਮੈਡਮ ਇਸ਼ਾ ਸਿੰਗਲ ਵੱਲੋਂ ਇਸ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਾਣੀ ਸੀ ਪਰ ਉਨ੍ਹਾਂ ਦੀ ਤਬੀਅਤ ਖ਼ਰਾਬ ਹੋਣ ਕਾਰਨ ਮੀਟਿੰਗ ਨੂੰ ਰੱਦ ਕਰਨਾ ਪਿਆ ਹੈ।ਇਸ ਬਾਰੇ ਜਦੋਂ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਕਾਂਗਰਸੀ ਜਾਣਬੁੱਝ ਕੇ ਉਨ੍ਹਾਂ ਨੂੰ ਬਦਨਾਮ ਕਰ ਰਹੇ ਹਨ। ਰਾਤ ਦਸ ਵਜੇ ਤਾਂ ਉਹ ਪਟਿਆਲਾ ਦੇ ਇੱਕ ਹੋਟਲ ਵਿੱਚ ਸਨ।