ਸ਼ਹਿਰ ਦੀ ਸਫ਼ਾਈ ਨੂੰ ਲੈ ਕੇ ਮੇਅਰ ਸਖ਼ਤ
ਗੋਗੀਆ ਨੇ ਹੈਲਥ ਬ੍ਰਾਂਚ ਨਾਲ ਸਮੀਖਿਆ ਮੀਟਿੰਗ ਕੀਤੀ; ਕੂਡ਼ਾ ਸਮੇਂ ਸਿਰ ਚੁੱਕਣ ਦੀ ਹਦਾਇਤ
ਮੇਅਰ ਕੁੰਦਨ ਗੋਗੀਆ ਵੱਲੋਂ ਸ਼ਹਿਰ ਵਿੱਚ ਸਾਫ਼-ਸਫ਼ਾਈ ਦੀ ਸਥਿਤੀ ਨੂੰ ਹੋਰ ਬਿਹਤਰ ਬਣਾਉਣ ਲਈ ਹੈਲਥ ਬ੍ਰਾਂਚ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਹਰੇਕ ਇਲਾਕੇ ਵਿੱਚ ਸਾਫ਼-ਸਫ਼ਾਈ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਜਿੱਥੇ ਵੀ ਕੂੜੇ ਦੇ ਪੁਆਇੰਟ ਬਣੇ ਹੋਏ ਹਨ, ਉੱਥੋਂ ਸਾਰਾ ਕੂੜਾ ਸਮੇਂ ਸਿਰ ਚੱਕਿਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਮੀਟਿੰਗ ਦੌਰਾਨ ਸਫ਼ਾਈ ਸਟਾਫ਼ ਵੱਲੋਂ ਮਸ਼ੀਨਰੀ ਦੀ ਘਾਟ, ਮੈਨਪਾਵਰ ਦੀ ਕਮੀ ਜਾਂ ਹੋਰ ਪ੍ਰਸ਼ਾਸਕੀ ਸਮੱਸਿਆਵਾਂ ਦਾ ਮੌਕੇ ’ਤੇ ਹੀ ਹੱਲ ਕਰ ਦਿੱਤਾ ਗਿਆ ਹੈ। ਮੇਅਰ ਨੇ ਹਦਾਇਤ ਕੀਤੀ ਕਿ ਸਵੇਰੇ ਜਦੋਂ ਸਫ਼ਾਈ ਦਾ ਕੰਮ ਸ਼ੁਰੂ ਹੁੰਦਾ ਹੈ, ਤਾਂ ਉਸ ਸਮੇਂ ਸੈਨਟਰੀ ਇੰਸਪੈਕਟਰ ਆਪਣੇ ਏਰੀਏ ਵਿੱਚ ਜਾ ਕੇ ਨਿਰੀਖਣ ਕਰਨ। ਸਫ਼ਾਈ ਦੇ ਕੰਮ ਦੀ ਗੁਣਵੱਤਾ ਬਣੀ ਰਹੇਗੀ ਅਤੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਹੋਵੇਗਾ। ਮੇਅਰ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼, ਸੁਥਰਾ ਅਤੇ ਸਿਹਤਮੰਦ ਬਣਾਉਣ ਲਈ ਨਗਰ ਨਿਗਮ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਅਗਾਂਹ ਵੀ ਸਾਫ਼-ਸਫ਼ਾਈ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾਂਦੀ ਰਹੇਗੀ।

