ਪਟਿਆਲਾ (ਖੇਤਰੀ ਪ੍ਰਤੀਨਿਧ): ਪਿੰਡ ਮੰਡੌਰ ਦੇ ਲੋਕਾਂ ਵੱਲੋਂ ਸ਼ੁਰੂ ਕੀਤੇ ਜ਼ਮੀਨੀ ਸੰਘਰਸ਼ ਦੇ ਇਨਸਾਫ ਲਈ ਡੰਮੀ ਬੋਲੀਆਂ ਦੀ ਰਿਪੋਰਟ ਜਨਤਕ ਕਰਾਉਣ ਅਤੇ ਗ੍ਰਿਫ਼ਤਾਰ ਕੀਤੇ ਆਗੂਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਧਰਨਾ 15ਵੇ ਦਨਿ ਵੀ ਜਾਰੀ ਰਿਹਾ। ਇਸ ਦੌਰਾਨ ਉਨ੍ਹਾਂ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਇਥੇ ਪਾਸੀ ਰੋਡ ’ਤੇ ਸਥਿਤ ਕੋਠੀ ਵੱਲ ਮਾਰਚ ਕੀਤਾ ਪਰ ਡੀਐੈੱਸਪੀ ਜਸਵਿੰਦਰ ਟਵਿਾਣਾ ਦੀ ਅਗਵਾਈ ਹੇਠਾਂ ਤਾਇਨਾਤ ਪੁਲੀਸ ਫੋਰਸ ਨੇ ਇਹ ਕਾਫਲਾ ਕੋਠੀ ਤੋਂ ਪਹਿਲਾਂ ਹੀ ਰੋਕ ਲਿਆ। ਪ੍ਰਦਰਸ਼ਨਕਾਰੀ ਕੋਠੀ ਦੇ ਨੇੜੇ ਹੀ ਬਾਹਰ ਸੜਕ ’ਤੇ ਹੀ ਧਰਨਾ ਮਾਰ ਕੇ ਬੈਠ ਗਏ ਤੇ ਮੰਤਰੀ ਦਾ ਪੁਤਲ ਫੂਕਿਆ। ਇਸੇ ਦੌਰਾਨ ਜ਼ਿਲ੍ਹਾ ਅਧਿਕਾਰੀ ਵੱਲੋਂ ਉਨ੍ਹਾਂ ਦੀ ਸਿਹਤ ਮੰਤਰੀ ਨਾਲ ਮੁਲਾਕਾਤ ਕਰਵਾਉਣ ਦੇ ਭਰੋਸੇ ਮਗਰੋਂ ਧਰਨਾ ਸਮਾਪਤ ਕਰਕੇ ਉਹ ਨੇੜੇ ਹੀ ਸਥਿਤ ਪੱਕੇ ਮੋਰਚੇ ਵਾਲੇ ਕੈਂਪ ’ਚ ਪਰਤ ਗਏ। ਜਗਸੀਰ ਸਿੰਘ ਦਾ ਕਹਿਣਾ ਸੀ ਕਿ ਉਹ ਆਪਣੀਆਂ ਮੰਗਾਂ ਦੀ ਪੂਰਤੀ ਤੱਕ ਇਹ ਪੱਕਾ ਮੋਰਚਾ ਜਾਰੀ ਰੱਖਣਗੇ।