DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Malerkotla: ਪ੍ਰਸ਼ਾਸਨ ਨੇ ਕੂੜਾ ਡੰਪ ਖ਼ਿਲਾਫ਼ ਲੱਗਿਆ ਮੋਰਚਾ ਹਟਾਇਆ

ਵਿਰੋਧ ਕਰਨ ਆ ਰਹੇ ਕਿਸਾਨ ਆਗੂ ਪੁਲੀਸ ਨੇ ਹਿਰਾਸਤ ਵਿੱਚ ਲਏ

  • fb
  • twitter
  • whatsapp
  • whatsapp
featured-img featured-img
ਕੂੜਾ ਡੰਪ ਖ਼ਿਲਾਫ਼ ਲੱਗੇ ਮੋਰਚੇ ਨੂੰ ਸਮੇਟਦੇ ਹੋਏ ਪੁਲਿਸ ਕਰਮਚਾਰੀ। -ਫੋਟੋ: ਕੁਠਾਲਾ
Advertisement

ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੀ ਅਗਵਾਈ ਹੇਠ ਸਥਾਨਕ ਮਤੋਈ ਰੋਡ ’ਤੇ ਨਗਰ ਕੌਂਸਲ ਦੇ ਕੂੜਾ ਡੰਪ ਖ਼ਿਲਾਫ਼ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਪੱਕਾ ਮੋਰਚਾ ਅੱਜ ਪ੍ਰਸ਼ਾਸਨ ਵੱਲੋਂ ਪੁਲੀਸ ਦੀ ਮੱਦਦ ਨਾਲ ਹਟਾ ਦਿੱਤਾ ਗਿਆ। ਪੁਲੀਸ ਮੁਲਾਜ਼ਮਾਂ ਵੱਲੋਂ ਮੋਰਚੇ ਦਾ ਟੈਂਟ, ਜਥੇਬੰਦੀਆਂ ਦੇ ਝੰਡੇ ਅਤੇ ਦਰੀਆਂ ਵਗੈਰਾ ਸਮੇਟਣ ਉਪਰੰਤ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਚੰਦਰ ਪ੍ਰਕਾਸ਼ ਵਧਵਾ ਦੀ ਹਾਜ਼ਰੀ ਵਿੱਚ ਕੌਂਸਲ ਕਰਮਚਾਰੀਆਂ ਨੇ ਕੂੜੇ ਦੀਆਂ ਟਰਾਲੀਆਂ ਡੰਪ ’ਤੇ ਮੁੜ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਪ੍ਰਸ਼ਾਸਨਿਕ ਕਾਰਵਾਈ ਵੇਲੇ ਨੇੜਲੇ ਪਰਿਵਾਰਾਂ ਦੀਆਂ ਕੁੱਝ ਔਰਤਾਂ ਹੀ ਮੋਰਚੇ ’ਤੇ ਮੌਜੂਦ ਸਨ ਪਰ ਉਨ੍ਹਾਂ ਨੇ ਕਾਰਵਾਈ ਦਾ ਕੋਈ ਵਿਰੋਧ ਨਹੀਂ ਕੀਤਾ। ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਬੂਟਾ ਖਾਂ ਸੰਘੈਣ ਨੇ ਦੱਸਿਆ ਕਿ ਪ੍ਰਸ਼ਾਸਨਿਕ ਕਾਰਵਾਈ ਦਾ ਪਤਾ ਲਗਦਿਆਂ ਹੀ ਉਹ ਸਾਥੀਆਂ ਸਣੇ ਘਰੋਂ ਮੋਰਚੇ ਵਾਲੀ ਥਾਂ ਲਈ ਰਵਾਨਾ ਹੋਇਆ ਪਰ ਪੁਲੀਸ ਨੇ ਰਸਤੇ ਵਿੱਚੋਂ ਹੀ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਮੋਰਚੇ ਦੇ ਕਰੀਬ ਅੱਧੀ ਦਰਜਨ ਆਗੂਆਂ ਨੂੰ ਥਾਣਾ ਸਿਟੀ-2 ਮਾਲੇਰਕੋਟਲਾ ਵਿੱਚ ਰੱਖਿਆ ਹੋਇਆ ਹੈ। ਕਿਸਾਨ ਆਗੂ ਮੁਤਾਬਕ ਉਸ ਨਾਲ ਥਾਣੇ ਲਿਆਂਦੇ ਆਗੂਆਂ ਵਿਚ ਹਸ਼ਨ ਮੁਹੰਮਦ ਸੰਘੈਣ, ਸਾਬਰ ਅਲੀ ਮਾਨਾਂ ਫਾਟਕ, ਪੱਪੂ, ਮਿੱਠੂ, ਸਲੀਮ, ਗਨੀ ਅਤੇ ਅਬਦੁਲ ਰਸ਼ੀਦ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਪਿਛਲੇ ਕਈ ਹਫ਼ਤਿਆਂ ਤੋਂ ਸ਼ਹਿਰ ਦੀਆਂ ਗਲੀਆਂ, ਚੌਕਾਂ ਵਿਚ ਕੂੜੇ ਅਤੇ ਗੰਦਗੀ ਦੇ ਢੇਰ ਪ੍ਰਸ਼ਾਸਨ ਦੇ ਗਲੇ ਦੀ ਹੱਡੀ ਬਣੇ ਹੋਏ ਹਨ। ਵਰ੍ਹਿਆਂ ਤੋਂ ਮਤੋਈ ਰੋਡ ’ਤੇ ਬਣਾਏ ਕੂੜੇ ਦੇ ਡੰਪ ਖ਼ਿਲਾਫ਼ ਲੋਕਾਂ ਨੇ ਬੀ ਕੇ ਯੂ ਡਕੌਂਦਾ ਦੀ ਅਗਵਾਈ ਹੇਠ ਪੱਕਾ ਮੋਰਚਾ ਲਾ ਕੇ ਨਗਰ ਕੌਂਸਲ ਨੂੰ ਨਵਾਂ ਕੂੜਾ ਸੁੱਟਣ ਤੋਂ ਰੋਕ ਦਿੱਤਾ ਸੀ।

ਪੁਲੀਸ ਨੇ ਕਿਸੇ ਨੂੰ ਵੀ ਹਿਰਾਸਤ ਵਿੱਚ ਨਹੀਂ ਲਿਆ: ਥਾਣਾ ਮੁਖੀ

ਬੀਕੇਯੂ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਬੂਟਾ ਖਾਂ ਸੰਘੈਣ ਸਣੇ ਕਈ ਆਗੂਆਂ ਨੂੰ ਹਿਰਾਸਤ ਵਿਚ ਲੈ ਕੇ ਥਾਣਾ ਸਿਟੀ-2 ਮਾਲੇਰਕੋਟਲਾ ਰੱਖਣ ਤੋਂ ਸਪੱਸ਼ਟ ਇਨਕਾਰ ਕਰਦਿਆਂ ਐੱਸ ਐੱਚ ਓ ਸਬ ਇੰਸਪੈਕਟਰ ਦਰਸ਼ਨ ਸਿੰਘ ਨੇ ਦੱਸਿਆ ਕਿ ਅਧਿਕਾਰੀਆਂ ਵੱਲੋਂ ਕੁੱਝ ਆਗੂਆਂ ਨੂੰ ਗੱਲਬਾਤ ਕਰਨ ਲਈ ਹੀ ਬੁਲਾਇਆ ਗਿਆ ਸੀ। ਪੁਲੀਸ ਨੇ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ।

Advertisement
Advertisement
×