ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 27 ਅਕਤੂਬਰ
ਅੱਜ ਪਿੰਡ ਜਲਵਾਣਾ ਦੇ ਮਗਨਰੇਗਾ ਮਜ਼ਦੂਰਾਂ ਨੇ ਪਿਛਲੇ ਕਾਫੀ ਸਮੇਂ ਤੋਂ ਕੰਮ ਨਾ ਮਿਲਣ ਦੇ ਰੋਸ ‘ਚ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮਾਲੇਰਕੋਟਲਾ-2 ਦੇ ਦਫ਼ਤਰ ਅੱਗੇ ਰੋਸ ਪ੍ਰਗਟਾਉਣ ਉਪਰੰਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮਾਲੇਰਕੋਟਲਾ-2 ਨੂੰ ਆਪਣੀ ਮੰਗ ਸਬੰਧੀ ਦਰਖ਼ਾਸਤ ਦਿੱਤੀ। ਇਸ ਮੌਕੇ ਪੰਚ ਸੁਰਜੀਤ ਕੌਰ, ਹਰਬੰਸ ਕੌਰ, ਮਨਜੀਤ ਕੌਰ,ਜਸਪਾਲ ਕੌਰ, ਸ਼ਿੰਦਰ ਕੌਰ, ਛੋਟਾ ਸਿੰਘ, ਹਰਮੇਲ ਸਿੰਘ, ਹਰਦੀਪ ਕੌਰ, ਪਰਮਿੰਦਰ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ, ਜਮੀਲਾ, ਜਸਵਿੰਦਰ ਕੌਰ, ਬਲਜੀਤ ਕੌਰ, ਰਾਜਵਿੰਦਰ ਕੌਰ, ਚਰਨਜੀਤ ਕੌਰ ਆਦਿ ਨੇ ਦੱਸਿਆ ਕਿ ਕਰੀਬ 50 ਮਗਨਰੇਗਾ ਮਜ਼ਦੂਰਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਕੰਮ ਨਹੀਂ ਮਿਲ ਰਿਹਾ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੋਇਆ ਪਿਆ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਪਿੰਡ ਜਲਵਾਣਾ ਵਿਖੇ ਮਗਨਰੇਗਾ ਦਾ ਕੰਮ ਸ਼ੁਰੂ ਕਰਵਾਇਆ ਜਾਵੇ।
ਮਨਰੇਗਾ ਕਾਮਿਆਂ ਵੱਲੋਂ ਟਰੈਫਿਕ ਜਾਮ ਕਰਨ ਦੀ ਚਿਤਾਵਨੀ
ਨਾਭਾ (ਪੱਤਰ ਪ੍ਰੇਰਕ): ਮਨਰੇਗਾ ਕਾਮਿਆਂ ਨੂੰ ਪੰਜਾਬ ਦੇ ਦਲਿਤ ਕਹਾਉਣ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਾਜ ਵਿੱਚ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦੇ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ ਨੇ ਬੀਡੀਪੀਓ ਦਫ਼ਤਰ ਵਿੱਚ ਮਨਰੇਗਾ ਕਾਮਿਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਮਜ਼ਦੂਰ ਆਗੂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੇ ਇਸ਼ਾਰਿਆਂ ’ਤੇ ਪੇਂਡੂ ਕਾਮਿਆਂ ਲਈ ਇੱਕੋ ਇੱਕ ਆਰਥਿਕ ਸਾਧਨ ਮਗਨਰੇਗਾ 2005 ਹੈ। ਵਾਰ-ਵਾਰ ਬੀਡੀਪੀਓ ਦਫ਼ਤਰ ਦੇ ਗੇੜੇ ਮਾਰਨ ਤੋਂ ਬਾਅਦ 10 ਨਵੰਬਰ ਨੂੰ ਦਫ਼ਤਰ ਦੇ ਸਤਾਏ ਮਨਰੇਗਾ ਕਾਮੇ ਨਾਭਾ ਵਿੱਚ ਟਰੈਫਿਕ ਜਾਮ ਕਰਨ ਲਈ ਮਜਬੂਰ ਹੋਣਗੇ।