ਨਗਰ ਨਿਗਮ ਵਿੱਚ ਨਵੀਂ ਮਸ਼ੀਨਰੀ ਦੀ ਖਰੀਦਦਾਰੀ ਸਬੰਧੀ ਵਧ ਰਹੀਆਂ ਸ਼ੰਕਾਵਾਂ ਦੇ ਮੱਦੇਨਜ਼ਰ ਮੇਅਰ ਕੁੰਦਨ ਗੋਗੀਆ ਨੇ ਸਖ਼ਤ ਫ਼ੈਸਲਾ ਲੈਂਦਿਆਂ ਤੁਰੰਤ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਦੱਸਣਯੋਗ ਹੈ ਕਿ ਨਗਰ ਨਿਗਮ ਵੱਲੋਂ ਹਾਲ ਹੀ ਵਿੱਚ 41-41 ਲੱਖ ਦੇ ਤਿੰਨ ਨਵੇਂ ਟਿੱਪਰ ਖਰੀਦੇ ਗਏ ਹਨ ਪਰ ਜਾਂਚ ਦੌਰਾਨ ਪਤਾ ਲੱਗਾ ਕਿ ਇਨ੍ਹਾਂ ਨਵੇਂ ਦੱਸੇ ਜਾ ਰਹੇ ਟਰੱਕਾਂ ਵਿੱਚ ਪੁਰਾਣੀਆਂ ਲਿਫਟਾਂ ਲੱਗੀਆਂ ਹੋਈਆਂ ਹਨ ਜਿਸ ਕਾਰਨ ਖਰੀਦਦਾਰੀ ਵਿੱਚ ਕਥਿਤ ਘਪਲੇਬਾਜ਼ੀ ਦੀ ਸ਼ੰਕਾ ਵਧ ਗਈ ਹੈ।
ਮੇਅਰ ਸ੍ਰੀ ਗੋਗੀਆ ਨੇ ਨਗਰ ਨਿਗਮ ਵਿੱਚ ਸਬੰਧਤ ਮੁਲਾਜ਼ਮਾਂ ਨੂੰ ਸਪੱਸ਼ਟ ਕਿਹਾ ਕਿ ਲੋਕਾਂ ਦੇ ਟੈਕਸ ਦਾ ਪੈਸਾ ਸਿਰਫ਼ ਲੋਕਾਂ ਦੇ ਕੰਮਾਂ ’ਤੇ ਹੀ ਲੱਗਣਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ ਵਿੱਚ ਇਹ ਵੀ ਕਿਹਾ ਕਿ ਨਗਰ ਨਿਗਮ ਵਿੱਚ ਪੈਸੇ ਦੀ ਲੁੱਟ-ਖਸੁੱਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਦੋਸ਼ੀ ਮਿਲਣ ’ਤੇ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਸਪੱਸ਼ਟਤਾ ਅਤੇ ਸੱਚਾਈ ਬੇਹੱਦ ਜ਼ਰੂਰੀ ਹੈ ਅਤੇ ਪੈਸਾ ਉੱਥੇ ਹੀ ਖਰਚਿਆ ਜਾਵੇਗਾ, ਜਿੱਥੇ ਜ਼ਰੂਰਤ ਹੋਵੇ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਪਾਰਦਰਸ਼ੀ ਬਣਾਉਣਾ ਅਤੇ ਭ੍ਰਿਸ਼ਟਾਚਾਰ-ਮੁਕਤ ਪ੍ਰਣਾਲੀ ਲਿਆਉਣਾ ਹੀ ਉਨ੍ਹਾਂ ਦੀ ਪਹਿਲ ਹੈ। ਲੋਕਾਂ ਦੇ ਭਰੋਸੇ ’ਤੇ ਖਰਾ ਉਤਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਅਤੇ ਜੋ ਵੀ ਇਸ ਭਰੋਸੇ ਨਾਲ ਖਿਲਵਾੜ ਕਰੇਗਾ, ਉਸ ਉੱਤੇ ਕਾਰਵਾਈ ਯਕੀਨੀ ਹੈ।
ਮੇਅਰ ਨੇ ਮੰਤਰੀ ਨੂੰ ਲਿਖੀ ਚਿੱਠੀ
ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੇਅਰ ਨੇ ਇਸ ਬਾਰੇ ਸਬੰਧਤ ਮੰਤਰੀ ਨੂੰ ਵੀ ਚਿੱਠੀ ਲਿਖ ਕੇ ਪੂਰੀ ਸਥਿਤੀ ਸਾਂਝੀ ਕੀਤੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਖਰੀਦਦਾਰੀ ਪ੍ਰਕਿਰਿਆ ਦੀ ਤਫ਼ਸੀਲੀ ਜਾਂਚ ਕਰਵਾਈ ਜਾਵੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਮੇਅਰ ਸ੍ਰੀ ਗੋਗੀਆ ਨੇ ਦੱਸਿਆ ਕਿ ਸਿਰਫ਼ ਟਿੱਪਰ ਹੀ ਨਹੀਂ ਬਲਕਿ ਹਾਲ ਹੀ ਵਿੱਚ ਖਰੀਦੀ ਹੋਰ ਮਸ਼ੀਨਰੀ ਦੀ ਵੀ ਤੁਰੰਤ ਜਾਂਚ ਕੀਤੀ ਜਾਵੇਗੀ।

