
ਲਹਿਰਾਗਾਗਾ ਦੀ ਗਊਸ਼ਾਲਾ ਦਾ ਨਿਰੀਖਣ ਕਰਦੇ ਹੋਏ ਐੱਸਡੀਐੱਮ ਨਵਰੀਤ ਕੌਰ ਸੇਖੋਂ।
ਨਿਜੀ ਪੱਤਰ ਪ੍ਰੇਰਕ
ਸੰਗਰੂਰ, 9 ਅਗਸਤ
ਜ਼ਿਲ੍ਹਾ ਸੰਗਰੂਰ ’ਚ ਹੁਣ ਤੱਕ 1996 ਪਸ਼ੂ ਲੰਪੀ ਸਕਿੱਨ ਬਿਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ ਜਦੋਂ ਕਿ ਹੁਣ ਤੱਕ 43 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹਾ ਪ੍ਰਸਾਸਨ ਵਲੋਂ ਪਸ਼ੂ ਪਾਲਕਾਂ ਦੀ ਸੁਵਿਧਾ ਲਈ ਅਤੇ ਉਨ੍ਹਾਂ ਨੂੰ ਲੰਪੀ ਸਕਿੱਨ ਬਿਮਾਰੀ ਬਾਰੇ ਜਾਗਰੂਕਤਾ ਲਈ ਕੰਟਰੋਲ ਰੂਮ ਹੈਲਪ ਲਾਈਨ ਨੰਬਰ 01672-234196 ਸਥਾਪਤ ਕਰ ਦਿੱਤਾ ਗਿਆ ਹੈ ਜਿਥੇ ਪਸ਼ੂ ਪਾਲਣ ਵਿਭਾਗ ਦਾ ਨੁਮਾਇੰਦਾ ਤਾਇਨਾਤ ਕੀਤਾ ਗਿਆ ਹੈ। ਲੰਪੀ ਸਕਿੱਨ ਬਿਮਾਰੀ ਤੋਂ ਚਿੰਤਤ ਪਸ਼ੂ ਪਾਲਕਾਂ ਵਲੋਂ ਆਪਣੇ ਪਸ਼ੂਆਂ ਨੂੰ ਘਰ ਤੋਂ ਬਾਹਰ ਕੱਢਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ।
ਡਾ. ਸੁਖਵਿੰਦਰ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਸੰਗਰੂਰ ਕੋਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਲੰਮੀ ਸਕਿੱਨ ਬਿਮਾਰੀ ਕਾਰਨ ਜ਼ਿਲ੍ਹੇ ਵਿਚ ਹੁਣ ਤੱਕ 43 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 1996 ਪਸ਼ੂ ਬਿਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ ਜਿਨ੍ਹਾਂ ਵਿਚੋਂ 478 ਠੀਕ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਦੀਆਂ ਮਾਹਿਰ ਟੀਮਾਂ ਵਲੋਂ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵੈਕਸੀਨ ਦੀਆਂ 10400 ਖੁਰਾਕਾਂ ਅੱਜ ਉਨ੍ਹਾਂ ਕੋਲ ਆ ਰਹੀਆਂ ਹਨ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਕਿਸੇ ਵੀ ਖੇਤਰ ਵਿੱਚ ਇਸ ਬਿਮਾਰੀ ਦੇ ਲੱਛਣ ਸਾਹਮਣੇ ਆਉਣ ਉੱਤੇ ਇਸ ਹੈਲਪ ਲਾਈਨ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਉਧਰ ਅੱਜ ਸਮੂਹ ਉਪ ਮੰਡਲ ਮੈਜਿਸਟਰੇਟ ਵੱਲੋਂ ਵੱਖ-ਵੱਖ ਗਊਸ਼ਾਲਾਵਾਂ ਵਿੱਚ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਸਮੇਤ ਜਾਇਜ਼ਾ ਲਿਆ ਗਿਆ।
ਪਟਿਆਲਾ (ਖੇਤਰੀ ਪ੍ਰਤੀਨਿਧ): ਜ਼ਿਲ੍ਹਾ ਪਟਿਆਲਾ ’ਚ ਪਸ਼ੂ ਪਾਲਣ ਵਿਭਾਗ ਵੱਲੋਂ 44 ਟੀਮਾਂ ਬਣਾ ਕੇ ਪਸ਼ੂ ਪਾਲਕਾਂ ਨਾਲ ਰਾਬਤਾ ਬਣਾਇਆ ਜਾ ਰਿਹਾ ਹੈ ਨਾਲ ਹੀ ਬਿਮਾਰੀ ਤੋਂ ਬਚਾਅ ਲਈ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ। ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਗੁਰਚਰਨ ਸਿੰਘ ਨੇ ਦੱਸਿਆ ਲੰਪੀ ਸਕਿਨ ਬਿਮਾਰੀ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਪਸ਼ੂ ਪਾਲਕ ਆਪਣੇ ਖੇਤਰ ਦੇ ਵੈਟਰਨਰੀ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ। ਪਟਿਆਲਾ ਤਹਿਸੀਲ ਦੇ ਪਸ਼ੂ ਪਾਲਕ ਸੀਨੀਅਰ ਵੈਟਨਰੀ ਅਫ਼ਸਰ ਡਾ. ਸੋਨਿੰਦਰ ਕੌਰ ਨਾਲ ਮੋਬਾਇਲ ਨੰਬਰ 9779081684 ‘ਤੇ ਸੰਪਰਕ ਕਰ ਸਕਦੇ ਹਨ। ਇਸੇ ਤਰ੍ਹਾਂ ਨਾਭਾ ਤਹਿਸੀਲ ਦੇ ਪਸ਼ੂ ਪਾਲਕ ਸੀਨੀਅਰ ਵੈਟਨਰੀ ਅਫ਼ਸਰ ਡਾ. ਰਮਨ ਕੁਮਾਰ ਨਾਲ ਮੋਬਾਇਲ ਨੰਬਰ 9417772883 ‘ਤੇ ਰਾਬਤਾ ਕਰ ਸਕਦੇ ਹਨ। ਸਮਾਣਾ ਤਹਿਸੀਲ ਦੇ ਪਸ਼ੂ ਪਾਲਕ ਸੀਨੀਅਰ ਵੈਟਰਨਰੀ ਅਫ਼ਸਰ ਡਾ. ਮੇਜਰ ਸਿੰਘ ਨਾਲ ਮੋਬਾਈਲ ਨੰਬਰ 8054962024 ‘ਤੇ ਅਤੇ ਰਾਜਪੁਰਾ ਤਹਿਸੀਲ ਦੇ ਪਸ਼ੂ ਪਾਲਕ ਸੀਨੀਅਰ ਵੈਟਨਰੀ ਅਫ਼ਸਰ ਡਾ. ਅਕਸ਼ਪ੍ਰੀਤ ਸਿੰਘ ਨਾਲ ਮੋਬਾਈਲ ਨੰਬਰ 9019000600 ‘ਤੇ ਸੰਪਰਕ ਕਰ ਸਕਦੇ ਹਨ। ਉਕਤ ਅਧਿਕਾਰੀਆਂ ਤੋਂ ਬਾਅਦ ਲੋੜ ਪੈਣ ਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਗੁਰਚਰਨ ਸਿੰਘ ਨਾਲ ਉਨ੍ਹਾਂ ਦੇ ਮੋਬਾਈਲ ਨੰਬਰ 9417384757 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਲਹਿਰਾਗਾਗਾ ਦੇ ਐੱਸਡੀਐੱਮ ਵੱਲੋਂ ਗਊਸ਼ਾਲਾ ਦਾ ਦੌਰਾ
ਲਹਿਰਾਗਾਗਾ (ਪੱਤਰ ਪ੍ਰੇਰਕ): ਗਊਆਂ ਅੰਦਰ ਫੈਲ ਰਹੀ ਲੰਪੀ ਸਕਿਨ ਬਿਮਾਰੀ ਦੇ ਮੱਦੇਨਜ਼ਰ ਲਹਿਰਾਗਾਗਾ ਦੀ ਐੱਸਡੀਐੱਮ ਨਵਰੀਤ ਕੌਰ ਸੇਖੋਂ ਨੇ ਸਥਾਨਕ ਗਊਸ਼ਾਲਾ ਦਾ ਦੌਰਾ ਕੀਤਾ। ਉਨ੍ਹਾਂ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਪਸ਼ੂ ਧਨ ਵਿੱਚ ਲੰਪੀ ਸਕਿਨ ਦੀ ਬਿਮਾਰੀ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਵਰਤੀਆਂ ਜਾਣ। ਉਨ੍ਹਾਂ ਸ਼ਹਿਰ ਅਤੇ ਹਲਕੇ ਦੇ ਪਸ਼ੂ ਪਾਲਕਾਂ ਨੂੰ ਕਿਹਾ ਕਿ ਇਸ ਬਿਮਾਰੀ ਪ੍ਰਤੀ ਸੁਚੇਤ ਰਿਹਾ ਜਾਵੇ ਅਤੇ ਪਸ਼ੂਆਂ ਨੂੰ ਸਰਕਾਰੀ ਪਸ਼ੂ ਹਸਪਤਾਲਾਂ ਵਿੱਚ ਡਾਕਟਰਾਂ ਦੀ ਸਲਾਹ ਨਾਲ ਦਵਾਈਆਂ ਆਦਿ ਦਿੱਤੀਆਂ ਜਾਣ।
ਪਸ਼ੂਆਂ ਦੇ ਇਲਾਜ ਵਿਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ: ਹਰਪਾਲ ਚੀਮਾ
ਅਮਰਗੜ੍ਹ (ਪੱਤਰ ਪ੍ਰੇਰਕ): ਪਸ਼ੂਆਂ ਵਿਚ ਫੈਲ ਰਹੀ ਬਿਮਾਰੀ ਸਬੰਧੀ ਡਿਪਟੀ ਡਾਇਰੈਕਟਰ ਡਾ. ਸੁਖਵਿੰਦਰ ਸਿੰਘ ਸੰਗਰੂਰ ਦੀ ਟੀਮ ਨੇ ਗਊਸ਼ਾਲਾਵਾਂ ਤੇ ਹੋਰ ਥਾਵਾਂ ’ਤੇ ਪਸ਼ੂਆਂ ਦੀ ਜਾਂਚ ਕੀਤੀ। ਇਸ ਸਬੰਧੀ ਉਨ੍ਹਾਂ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਅਮਰਗੜ੍ਹ ਵਿਖੇ ਜਾਣਕਾਰੀ ਦਿੰਦੇ ਦੱਸਿਆ ਕਿ ਹਲਕਾ ਅਮਰਗੜ੍ਹ ਵਿਚ ਸਥਿਤੀ ਕੰਟਰੋਲ ਵਿਚ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਹਦਾਇਤ ਕੀਤੀ ਕਿ ਸਾਰੇ ਪਸ਼ੂਆਂ ਦਾ ਇਲਾਜ ਸਹੀ ਢੰਗ ਨਾਲ ਕੀਤਾ ਜਾਵੇ ਅਤੇ ਇਸ ਬਿਮਾਰੀ ਨੂੰ ਖਤਮ ਕਰਨ ਲਈ ਸਾਰਿਆਂ ਦਾ ਸਹਿਯੋਗ ਲਿਆ ਜਾਵੇ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ