ਗੁਰਨਾਮ ਸਿੰਘ ਅਕੀਦਾ
ਪਟਿਆਲਾ, 26 ਅਗਸਤ
ਪਟਿਆਲਾ ਵਿੱਚ ਬਣੇ ਨਵੇਂ ਬੱਸ ਸਟੈਂਡ ਦੇ ਆਲ਼ੇ ਦੁਆਲੇ ਬੇਸ਼ੱਕ ਅਜੇ ਤੱਕ ਕੋਈ ਜ਼ਿਆਦਾ ਸਹੂਲਤਾਂ ਉਪਲਬਧ ਨਹੀਂ ਹੋਈਆਂ ਪਰ ਕਰ ਤੇ ਆਬਕਾਰੀ ਵਿਭਾਗ ਨੇ ਸਮਾਂ ਅਨੁਕੂਲ ਨਾ ਹੋਣ ਦੇ ਬਾਵਜੂਦ ਇੱਥੇ ਸ਼ਰਾਬ ਦਾ ਠੇਕਾ ਖੋਲ੍ਹ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸ਼ਰਾਬ ਦੇ ਠੇਕਿਆਂ ਦੀਆਂ ਬੋਲੀਆਂ ਮਾਰਚ ਵਿੱਚ ਹੁੰਦੀਆਂ ਹਨ ਪਰ ਇਹ ਠੇਕਾ ਅਗਸਤ ਵਿੱਚ ਖੋਲ੍ਹ ਕੇ ਸਰਕਾਰ ਨੇ ਮਨਮਰਜ਼ੀ ਦਿਖਾਈ ਹੈ। ਸਾਬਕਾ ਡੀਡੀਪੀਓ ਐਡਵੋਕੇਟ ਪਰਮਜੀਤ ਸਿੰਘ ਨੇ ਹਲਕਾ ਵਿਧਾਇਕ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਚਿੱਠੀਆਂ ਪਾਈਆਂ ਹਨ ਜਿਸ ਵਿੱਚ ਉਸ ਨੇ ਲਿਖਿਆ ਹੈ ਕਿ ਬੱਸ ਸਟੈਂਡ ਦੇ ਆਲ਼ੇ ਦੁਆਲੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ, ਇੱਥੇ ਸਿਹਤ ਸਹੂਲਤਾਂ ਦੇ ਨਾਮ ’ਤੇ ਕੋਈ ਖ਼ਾਸ ਪ੍ਰਬੰਧ ਨਹੀਂ ਹੈ ਸਗੋਂ ਇਕ ਠੇਕਾ ਖੋਲ੍ਹ ਕੇ ਇੱਥੇ ਹਾਦਸਿਆਂ ਨੂੰ ਸੱਦਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪੁੱਡਾ ਇਲਾਕੇ ਵਿਚ ਬਣਾਏ ਮਾਨਵ ਸੇਵਾ ਮੰਚ ਦੇ ਪ੍ਰਧਾਨ ਵਰਿੰਦਰ ਸੂਦ ਨੇ ਕਿਹਾ ਕਿ ਇੱਥੇ ਨਾਲ ਹੀ ਥੇੜ੍ਹੀ ਅਰਬਨ ਅਸਟੇਟ ਵਿਚ ਠੇਕਾ ਪਹਿਲਾਂ ਹੀ ਚੱਲ ਰਿਹਾ ਹੈ ਪਰ ਇਕ ਠੇਕਾ ਹੋਰ ਖੋਲ੍ਹ ਕੇ ਸਰਕਾਰ ਨੇ ਨਸ਼ਿਆਂ ਨੂੰ ਬੰਦ ਕਰਨ ਦੀ ਬਜਾਏ ਨਸ਼ੇ ਵਧਾਉਣ ਵੱਲ ਕਦਮ ਵਧਾਇਆ ਹੈ। ਇਸ ਬਾਰੇ ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਰਾਜੇਸ਼ ਅਰੇ ਨੇ ਕਿਹਾ ਕਿ ਠੇਕਾ ਖੋਲ੍ਹਣਾ ਠੇਕੇਦਾਰ ਦੀ ਮਰਜ਼ੀ ਹੁੰਦੀ ਹੈ, ਇਕ ਠੇਕੇਦਾਰ ਦਾ ਗਰੁੱਪ 10 ਠੇਕੇ ਖੋਲ੍ਹ ਸਕਦਾ ਹੈ, ਉਹ ਆਪਣੇ ਏਰੀਏ ਵਿੱਚ ਕਿਤੇ ਵੀ ਠੇਕੇ ਖੋਲ੍ਹ ਸਕਦਾ ਹੈ।