ਰਵੇਲ ਸਿੰਘ ਭਿੰਡਰ
ਪਟਿਆਲਾ, 22 ਅਕਤੂਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੇਂਡੂ ਖੇਤਰਾਂ ਵਿੱਚ ਖੋਲ੍ਹੇ ਕਾਂਸਟੀਚੁਐਂਟ ਕਾਲਜਾਂ ਦੇ ਅਧਿਆਪਕਾਂ ਵੱਲੋਂ ਅੱਜ ਪੰਜਾਬੀ ਯੂਨੀਵਰਸਿਟੀ ਖ਼ਿਲਾਫ਼ ਬੈਠਕ ਕਰਕੇ ਰੋਸ ਦਾ ਪ੍ਰਗਟਾਇਆ ਗਿਆ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਮੇਨ ਕੈਂਪਸ, ਰਿਜਨਲ ਸੈਂਟਰ ਤੇ ਨੇਬਰਹੁੱਡ ਕਾਲਜਾਂ ਦੇ ਅਧਿਆਪਕਾਂ ਨੂੰ ਤਾਂ ਕਿਸੇ ਵੀ ਥਾਂ ਤੋਂ ਆਨਲਾਈਨ ਕਲਾਸਾਂ ਲਾਉਣ ਦੀ ਸੁਵਿਧਾਵਾ ਦਿੱਤੀ ਹੋਈ ਹੈ, ਜਦੋਂ ਕਿ ਕਾਂਸਟੀਚੁਐਂਟ ਕਾਲਜਾਂ ਦੇ ਅਧਿਆਪਕਾਂ ਨੂੰ ਅਜਿਹੀ ਸਹੂਲਤ ਤੋਂ ਵਾਂਝੇ ਰੱਖਿਆ ਹੋਇਆ ਹੈ। ਇਸ ਸਬੰਧੀ ਡੀਨ ਅਕਾਦਮਿਕ ਮਾਮਲੇ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਅਧਿਆਪਕਾਂ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਿਹਾ ਹੈ। ਉਨ੍ਹਾਂ ਕਹਿਣਾ ਸੀ ਕਿ ਕਾਂਸਟੀਚੁਐਂਟ ਦੇ ਕਾਲਜਾਂ ‘ਚ ਵਿਦਿਆਰਥੀਆਂ ਦੀ ਗਿਣਤੀ ਮੁਤਾਬਿਕ ਕੰਪਿਊਟਰ ਤੇ ਇੰਟਰਨੈਂਟ ਦਾ ਪ੍ਰਬੰਧ ਵੀ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਾਂਸਟੀਚੁਐਂਟ ਕਾਲਜਾਂ ਲਈ ਸਾਲਾਨਾ ਡੇਢ ਕਰੋੜ ਰੁਪਏ ਦੀ ਗ੍ਰਾਂਟ ਯਕੀਨੀ ਮੁਹੱਈਆਂ ਕਰਵਾਈ ਜਾਵੇ ਤੇ ਇਸ ਦੀ ਯੋਗ ਵਰਤੋਂ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਯੂਨੀਵਰਸਿਟੀ ਕੈਂਪਸ ਵਿੱਚ ਕਾਰ ਸਮੇਤ ਐਂਟਰੀ ਵੇਲੇ ਵੀ ਵਿਤਕਰਾ ਕੀਤਾ ਜਾਂਦਾ ਹੈ। ਅਧਿਆਪਕ ਆਗੂ ਪ੍ਰੋ. ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਬੈਠਕ ਮਗਰੋਂ ਮੰਗਾਂ ਤੇ ਮਸਲਿਆਂ ਸਬੰਧੀ ਡੀਨ ਅਕਾਦਮਿਕ ਮਾਮਲੇ ਨੂੰ ਮੈਮੋਰੰਡਮ ਸੌਂਪਿਆ ਗਿਆ। ਡੀਨ ਨੇ ਮੰਗਾਂ ਸਬੰਧੀ ਭਰੋਸਾ ਦਿਵਾਇਆ ਹੈ। ਕਾਂਸਟੀਚੁਐਂਟ ਕਾਲਜਾਂ ਦੇ ਅਧਿਆਪਕਾਂ ਨੇ ਫ਼ੈਸਲਾ ਕੀਤਾ ਹੈ ਕਿ ਜੇ ਪ੍ਰਸ਼ਾਸਨ ਨੇ ਗੌਰ ਨਾ ਕੀਤੀ ਤਾਂ ਅਗਲੇ ਦਿਨਾਂ ਦੌਰਾਨ ਤਿੱਖਾ ਸੰਘਰਸ਼ੀ ਰੁਖ਼ ਅਖਤਿਆਰ ਕੀਤਾ ਜਾਏਗਾ। ਇਸ ਮੌਕੇ ਡਾ ਜਸਵੀਰ ਸਿੰਘ, ਡਾ ਧਰਮਜੀਤ ਕੌਰ, ਪ੍ਰੋ ਅਰਵਿੰਦਰ ਸਿੰਘ, ਪ੍ਰੋ.ਪੁਸ਼ਪਿੰਦਰ ਸਿੰਘ, ਡਾ ਰੋਹਿਤ ਕੁਮਾਰ ਨੇ ਡਾ ਮਨਰੂਪ ਨੇ ਗਰਮਜੋਸ਼ੀ ਨਾਲ ਸ਼ਿਰਕਤ ਕੀਤੀ।