ਪੇਂਡੂ ਚੌਕੀਦਾਰਾਂ ਵੱਲੋਂ ਡੀਆਈਜੀ ਨੂੰ ਪੱਤਰ
ਪਟਿਆਲਾ ਜ਼ਿਲ੍ਹਾ ਦੇ ਪੇਂਡੂ ਚੌਕੀਦਾਰਾਂ ਨੇ ਜਨ ਜਨਵਾਦੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਦੀ ਅਗਵਾਈ ਹੇਠ ਡੀਆਈਜੀ ਕੁਲਦੀਪ ਸਿੰਘ ਚਾਹਲ ਰਾਹੀਂ ਪੰਜਾਬ ਦੇ ਡੀਜੀਪੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਵਿੱਚ ਪੰਜਾਬ ਦੇ ਪੇਂਡੂ ਚੌਕੀਦਾਰਾਂ ਦਾ ਸੰਨ 2003 ਤੋਂ ਪੰਜਾਬ ਪੁਲੀਸ ਨਾਲ ਟੁੱਟਿਆ ਰਾਬਤਾ ਮੁੜ ਕਾਇਮ ਕਰਨ ਦੀ ਮੰਗ ਕੀਤੀ ਹੈ। ਜਾਗਦੇ ਰਹੋ ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਪੰਜਾਬ ਪੁਲੀਸ ਨੂੰ ਹਰ ਪਿੰਡ ਵਿੱਚੋਂ ਨਸਾਂ ਖ਼ਤਮ ਕਰਨ ਲਈ ਪਿੰਡ ਦੇ ਚੌਕੀਦਾਰ ਨਾਲ ਰਾਬਤਾ ਕਾਇਮ ਕਰਨਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਮੰਗ ਪੱਤਰ ਵਿਚ ਕਿਹਾ ਕਿ ਪੰਜਾਬ ਦੇ ਪੇਂਡੂ ਚੌਕੀਦਾਰਾਂ ਨਾਲ 2003 ਤੱਕ ਪਹਿਲਾਂ ਸਬੰਧਿਤ ਪੁਲੀਸ ਥਾਣੇ ਨਾਲ ਰਾਬਤਾ ਹੁੰਦਾ ਸੀ, ਚੌਕੀਦਾਰ ਜਨਮ ਅਤੇ ਮੌਤ ਰਜਿਸਟਰੇਸ਼ਨ ਕਰਵਾਉਣ ਲਈ ਜਾਂਦੇ ਸਨ ਤੇ ਚੌਕੀਦਾਰ ਵੱਲੋਂ ਨਾਲ ਹੀ ਮਾੜੇ ਅਨਸਰਾਂ ਦੀ ਜਾਣਕਾਰੀ ਵੀ ਦੇ ਦਿੱਤੀ ਜਾਂਦੀ ਸੀ। ਪਿਛਲੇ 22 ਸਾਲਾਂ ਤੋਂ ਪੰਜਾਬ ਪੁਲਿਸ ਦਾ ਰਾਬਤਾ ਪੇਂਡੂ ਚੌਕੀਦਾਰ ਨਾਲ ਟੁੱਟ ਚੁੱਕਿਆ ਹੈ। ਜੇਕਰ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨਾ ਹੈ ਤਾਂ ਪੇਂਡੂ ਚੌਕੀਦਾਰਾਂ ਨਾਲ ਰਾਬਤਾ ਕਾਇਮ ਕਰਨਾ ਬਹੁਤ ਜ਼ਰੂਰੀ ਹੈ ਤੇ ਚੌਕੀਦਾਰਾਂ ਨੂੰ ਮੁੜ ਜਨਮ ਅਤੇ ਮੌਤ ਦੀ ਰਜਿਸਟਰੇਸ਼ਨ ਦੁਬਾਰਾ ਵਾਪਸ ਕੀਤੀ ਜਾਵੇ। ਪੰਜਾਬ ਸਰਕਾਰ ਵੱਲੋਂ ਪੰਜ ਹਜ਼ਾਰ ਹੋਰ ਨਵੇਂ ਪੇਂਡੂ ਚੌਕੀਦਾਰਾਂ ਦੀ ਭਰਤੀ ਕੀਤੀ ਜਾਵੇ। ਇਸ ਮੌਕੇ ਡੀਆਈਜੀ ਚਾਹਲ ਨੇ ਕਿਹਾ ਕਿ ਉਹ ਜਲਦੀ ਪੰਜਾਬ ਸਰਕਾਰ ਤੇ ਡੀਜੀਪੀ ਪੰਜਾਬ ਨਾਲ ਗੱਲਬਾਤ ਕਰਕੇ ਪੰਜਾਬ ਦੇ ਪੇਂਡੂ ਚੌਕੀਦਾਰਾਂ ਨਾਲ ਮੁੜ ਤੋਂ ਰਾਬਤਾ ਕਾਇਮ ਕਰਨਗੇ। ਇਸ ਮੌਕੇ ਕੁਲਦੀਪ ਸਿੰਘ ਮਜਾਲ ਖ਼ੁਰਦ, ਗੋਧਾ ਸਿੰਘ ਡੰਡੋਆ, ਕਰਮ ਸਿੰਘ ਸਫੇੜਾ, ਭਰਪੂਰ ਸਿੰਘ ਸਵਾਜਪੁਰ, ਗੁਰਦੇਵ ਸਿੰਘ ਪੰਜੇਟਾ ਤੇ ਬਲਵੰਤ ਸਿੰਘ ਜੋਲਾ ਹਾਜ਼ਰ ਸਨ।