Lehragaga Panchayat Samiti: ਚੇਅਰਮੈਨ ਨੇ ਅਹੁਦਾ ਸੰਭਾਲਿਆ
ਕੈਬਨਿਟ ਮੰਤਰੀ ਗੋਇਲ ਦੇ ਪੁੱਤਰ ਨੇ ਸਮਾਗਮ ਵਿੱਚ ਹਾਜ਼ਰੀ ਭਰੀ
ਪੰਚਾਇਤ ਸਮਿਤੀ ਲਹਿਰਾਗਾਗਾ ਦੇ ਸਰਬਸੰਮਤੀ ਨਾਲ ਚੁਣੇ ਗਏ ਚੇਅਰਮੈਨ ਅਵਤਾਰ ਸਿੰਘ ਪਰੋਚਾ ਅਤੇ ਵਾਈਸ ਚੇਅਰਪਰਸਨ ਸ਼ਿੰਦਰ ਕੌਰ ਖੰਡੇਬਾਦ ਨੇ ਆਪਣੇ ਅਹੁਦੇ ਦਾ ਰਸਮੀ ਤੌਰ ’ਤੇ ਕਾਰਜਭਾਰ ਸੰਭਾਲ ਲਿਆ। ਇਸ ਮੌਕੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਪੁੱਤਰ ਗੌਰਵ ਗੋਇਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਲਗਾਤਾਰ ਮਜ਼ਬੂਤ ਹੋ ਰਹੀ ਹੈ, ਜਿਸ ਨਾਲ ਲੋਕ ਭਲਾਈ ਅਤੇ ਵਿਕਾਸ ਕਾਰਜਾਂ ਨੂੰ ਨਵੀਂ ਰਫ਼ਤਾਰ ਮਿਲੇਗੀ। ਉਨ੍ਹਾਂ ਦੱਸਿਆ ਕਿ ਹਲਕੇ ਦੇ ਪਿੰਡਾਂ ਵਿੱਚ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ, ਖੇਡ ਸਟੇਡੀਅਮ ਬਣਾਏ ਜਾ ਰਹੇ ਹਨ, ਗਲੀਆਂ ਅਤੇ ਦੂਸ਼ਿਤ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਨਵ-ਨਿਯੁਕਤ ਚੇਅਰਮੈਨ ਅਵਤਾਰ ਸਿੰਘ ਪਰੋਚਾ ਅਤੇ ਵਾਈਸ ਚੇਅਰਪਰਸਨ ਅੰਮ੍ਰਿਤਪਾਲ ਕੌਰ ਖੰਡੇਬਾਦ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਪੰਚਾਇਤ ਸਮਿਤੀ ਅਧੀਨ ਆਉਂਦੇ ਪਿੰਡਾਂ ਦੇ ਵਿਕਾਸ, ਪਾਰਦਰਸ਼ੀ ਪ੍ਰਸ਼ਾਸਨ ਅਤੇ ਲੋਕ ਭਲਾਈ ਲਈ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰਨਗੇ।

