Land Struggle: ਭਾਜਪਾ ਦੇ ਮਨੂਵਾਦੀ ਏਜੰਡੇ ਵਿਰੁੱਧ ਲਹਿਰ ਉਸਾਰਨ ਦੀ ਸਹੁੰ ਚੁੱਕੀ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਦੋ ਰੋਜ਼ਾ ਇਜਲਾਸ; ਅੱਠ ਮੈਂਬਰੀ ਜ਼ੋਨਲ ਕਮੇਟੀ ਦੀ ਚੋਣ ਦੌਰਾਨ ਮੁਕੇਸ਼ ਮਲੌਦ ਜ਼ੋਨਲ ਪ੍ਰਧਾਨ ਚੁਣੇ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਇਜਲਾਸ ਮਸਤੂਆਣਾ ਸਾਹਿਬ ਵਿੱਚ ਹੋਇਆ। ਇਜਲਾਸ ਸ਼ੁਰੂ ਕਰਨ ਤੋਂ ਪਹਿਲਾਂ ਜਥੇਬੰਦੀ ਦਾ ਝੰਡਾ ਲਹਿਰਾਇਆ ਗਿਆ ਅਤੇ ਜ਼ਮੀਨੀ ਘੋਲ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਦੋ ਰੋਜ਼ਾ ਡੈਲੀਗੇਟ ਇਜਲਾਸ ਜ਼ਮੀਨ ਦੀ ਕਾਣੀ ਵੰਡ ਖਤਮ ਕਰਨ ਅਤੇ ਭਾਜਪਾ ਵੱਲੋਂ ਲਾਗੂ ਕੀਤੇ ਜਾ ਰਹੇ ਫਾਸ਼ੀਵਾਦੀ ਤੇ ਮਨੂੰਵਾਦੀ ਏਜੰਡੇ ਵਿਰੁੱਧ ਲਹਿਰ ਉਸਾਰਨ ਦੀ ਸਹੁੰ ਚੁੱਕਣ ਨਾਲ ਸਮਾਪਤ ਹੋ ਗਿਆ। ਇਜਲਾਸ ਵਿੱਚ 5 ਜ਼ਿਲ੍ਹਿਆਂ ਵਿੱਚੋਂ ਚੁਣੇ ਹੋਏ 100 ਡੈਲੀਗੇਟ ਸ਼ਾਮਲ ਹੋਏ। ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਆਬਜ਼ਰਬਰ ਵਜੋਂ ਇਜਲਾਸ ਵਿੱਚ ਸ਼ਾਮਲ ਹੋਏ। ਬਿੱਕਰ ਸਿੰਘ ਹਥੋਆ ਨੇ ਸਰਗਰਮੀ ਦੀ ਮੁਲਾਂਕਣ ਰਿਪੋਰਟ ਪੇਸ਼ ਕੀਤੀ ਅਤੇ ਵਿਧਾਨ ਦਾ ਖਰੜਾ ਗੁਰਬਿੰਦਰ ਸਿੰਘ ਬੌੜਾਂ ਵੱਲੋਂ ਪੇਸ਼ ਕੀਤਾ ਗਿਆ। ਨਵੀਂ ਚੁਣੀ ਜ਼ੋਨਲ ਕਮੇਟੀ ਨੇ ਮੁਕੇਸ਼ ਮਲੌਦ ਅਤੇ ਬਿੱਕਰ ਸਿੰਘ ਹਥੋਆ ਨੂੰ ਕ੍ਰਮਵਾਰ ਜ਼ੋਨਲ ਪ੍ਰਧਾਨ ਅਤੇ ਜ਼ੋਨਲ ਸਕੱਤਰ ਚੁਣਿਆ ਹੈ। ਇਸ ਤੋਂ ਇਲਾਵਾ ਧਰਮਵੀਰ ਹਰੀਗੜ੍ਹ ਨੂੰ ਵਿੱਤ ਸਕੱਤਰ ਅਤੇ ਗੁਰਬਿੰਦਰ ਬੌੜਾਂ ਨੂੰ ਮੀਤ ਪ੍ਰਧਾਨ ਚੁਣਿਆ ਗਿਆ।
ਇਨ੍ਹਾਂ ਤੋਂ ਬਿਨਾਂ ਜਸਬੀਰ ਕੌਰ ਹੇੜੀਕੇ, ਬਲਰਾਜ ਲਾਂਗੜੀਆ, ਗੁਰਦਾਸ ਜਲੂਰ ਅਤੇ ਸ਼ਿੰਗਾਰਾ ਸਿੰਘ ਹੇੜੀਕੇ ਨੂੰ ਜ਼ੋਨਲ ਕਮੇਟੀ ਮੈਂਬਰ ਚੁਣਿਆ ਗਿਆ। ਜਸਬੀਰ ਕੌਰ ਹੇੜੀਕੇ ਵੱਲੋਂ ਮਗਨਰੇਗਾ ਸਕੀਮ ਨੂੰ ਖਤਮ ਕਰਕੇ ਜੀ ਰਾਮ ਜੀ ਵਿੱਚ ਤਬਦੀਲ ਕਰਨ ਦਾ ਸਖਤ ਵਿਰੋਧ ਕਰਨ ਅਤੇ ਮਗਨਰੇਗਾ ਨੂੰ ਮੁੜ ਬਹਾਲ ਕਰਨ ਦੀ ਅਪੀਲ ਕੀਤੀ ਗਈ। ‘ਆਪ’ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਪੈੜ ਵਿੱਚ ਪੈੜ ਧਰਦਿਆਂ ਹਰ ਵਰਗ ਦੇ ਸੰਘਰਸ਼ ਨੂੰ ਡੰਡੇ ਦੇ ਜ਼ੋਰ ’ਤੇ ਕੁਚਲਣ ਅਤੇ ਲੋਕ ਆਵਾਜ਼ ਟੀ ਵੀ ਪੱਤਰਕਾਰ ਮਨਿੰਦਰਜੀਤ ਸਿੱਧੂ ’ਤੇ ਝੂਠਾ ਪਰਚਾ ਦਰਜ ਕਰਨ ਅਤੇ ਲੋਕ ਪੱਖੀ ਮੀਡੀਆ ਅਤੇ ਬੁੱਧੀਜੀਵੀਆਂ ਦੀ ਜ਼ੁਬਾਨਬੰਦੀ ਕਰਨ ਦੀ ਸਖ਼ਤ ਨਿੰਦਾ ਕੀਤੀ। ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਅਤੇ ਸਿਆਸੀ ਕੈਦੀਆਂ ਨੂੰ ਫੌਰੀ ਰਿਹਾਅ ਕਰਨ ਅਤੇ ਰਸੋਈ ਦੀਆਂ ਖੁਰਾਕ ਵਸਤਾਂ ਦੀ ਕੀਮਤ ਵਿੱਚ ਕੀਤੇ ਅਥਾਹ ਵਾਧੇ ਦੀ ਨਿੰਦਾ ਕੀਤੀ ਗਈ।

