ਗੁਰਨਾਮ ਸਿੰਘ ਅਕੀਦਾ
ਪਟਿਆਲਾ, 18 ਸਤੰਬਰ
ਅੰਮ੍ਰਿਤਸਰ ਅਤੇ ਪਟਿਆਲਾ ਵਿਚ ਪਾਇਲਟ ਬਣਾ ਰਹੇ ਪੰਜਾਬ ਦੇ ਇੱਕੋ ਇਕ ਪੰਜਾਬ ਸਰਕਾਰ ਦੇ ਪਟਿਆਲਾ ਏਵੀਏਸ਼ਨ ਕਲੱਬ ਵਿੱਚ ਪਾਇਲਟ ਬਣਨ ਵਾਲਿਆਂ ਦੀ ਲਾਈਨ ਲੱਗੀ ਹੋਈ ਹੈ ਜਦ ਕਿ ਇੱਥੇ ਫਲਾਈਟ ਇੰਸਟਰੱਕਟਰਾਂ ਦੀ ਘਾਟ ਹੈ। ਫਲਾਈਟ ਇੰਸਟਰੱਕਟਰ ਰੱਖੇ ਜਾਂਦੇ ਹਨ ਪਰ ਅੱਗੇ ਵੱਡੀ ਆਫ਼ਰ ਆਉਣ ਕਾਰਨ ਉਹ ਛੱਡ ਜਾਂਦੇ ਹਨ। ਇਸ ਵੇਲੇ ਪਟਿਆਲਾ ਵਿਚ 5 ਇੰਸਟਰੱਕਟਰਾਂ ਦੀ ਥਾਂ ਦੋ ਹੀ ਕੰਮ ਸੰਭਾਲ ਰਹੇ ਹਨ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ 1985 ਤੋਂ ਪਹਿਲਾਂ ਪੰਜਾਬ ਵਿਚ ਜਲੰਧਰ, ਲੁਧਿਆਣਾ, ਪਟਿਆਲਾ ਤੇ ਅੰਮ੍ਰਿਤਸਰ ਚਾਰ ਏਵੀਏਸ਼ਨ ਕਲੱਬ ਹੁੰਦੇ ਸਨ। ਪਰ ਹੁਣ ਦੋ ਅੰਮ੍ਰਿਤਸਰ ਤੇ ਪਟਿਆਲਾ ਵਿਚ ਹਨ, ਜਿਸ ਨੂੰ ਪਟਿਆਲਾ ਏਵੀਏਸ਼ਨ ਕਲੱਬ ਹੀ ਸੰਭਾਲ ਰਿਹਾ ਹੈ। ਪਟਿਆਲਾ ਕੋਲ ਪੰਜ ‘ਸੈਸਨਾ ਜਹਾਜ਼’ ਹਨ ਜਦ ਕਿ ਅੰਮ੍ਰਿਤਸਰ ਕੋਲ ਚਾਰ ਹਨ। ਇਕ ਜਹਾਜ਼ ਕੋਲ ਇਕ ਸੀਜ਼ਨ ਵਿਚ 10 ਕਮਰਸ਼ੀਅਲ ਪਾਇਲਟ ਲਾਇਨਜ਼ (ਸੀਪੀਐੱਲ) ਪਾਇਲਟ ਬਣਨ ਲਈ ਉਡਾਣਾਂ ਭਰ ਸਕਦੇ ਹਨ, ਉਸ ਲਈ ਇਕ ਇੰਸਟਰੱਕਟਰ ਹੋਣਾ ਲਾਜ਼ਮੀ ਹੁੰਦਾ ਹੈ। ਇੰਸਟਰੱਕਟਰ ਦੀ ਜ਼ਿੰਮੇਵਾਰੀ ਵੱਡੀ ਹੁੰਦੀ ਹੈ, ਜਹਾਜ਼ ਨੂੰ ਉਡਾਉਣਾ ਸਿਖਾਉਣਾ, ਜਹਾਜ਼ ਦੇ ਹਰ ਪੱਖ ਦੀ ਜਾਣਕਾਰੀ ਸੀਪੀਐੱਲ ਨੂੰ ਦੇਣਾ। ਇਕ ਸੀਪੀਐੱਲ ਨੂੰ ਪਾਇਲਟ ਬਣਨ ਲਈ 200 ਘੰਟੇ ਜਹਾਜ਼ ਉਡਾਉਣਾ ਲਾਜ਼ਮੀ ਹੈ। ਜਦ ਕਿ ਪ੍ਰਾਈਵੇਟ ਪਾਇਲਟ ਲਾਈਨਜ਼ (ਪੀਪੀਐੱਲ) ਨੂੰ 60 ਘੰਟੇ ਜਹਾਜ਼ ਉਡਾਉਣਾ ਪੈਂਦਾ ਹੈ। ਪਟਿਆਲਾ ਵਿਚ ਭਾਵੇਂ ਦੋਵੇਂ ਤਰ੍ਹਾਂ ਦੇ ਪਾਇਲਟਾਂ ਦੀ ਸਿਖਲਾਈ ਹੁੰਦੀ ਹੈ, ਪਰ ਸੀਪੀਐੱਲ ਦੇ ਅੱਜ ਕੱਲ੍ਹ ਪਟਿਆਲਾ ਵਿਚ 40 ਪਾਇਲਟ ਸਿਖਲਾਈ ਲੈ ਰਹੇ ਹਨ। ਜਾਣਕਾਰੀ ਅਨੁਸਾਰ ਸੀਪੀਐਲ ਦੀਆਂ ਪੋਸਟਾਂ ਕੱਢੀਆਂ ਜਾਂਦੀਆਂ ਹਨ ਜਿਨ੍ਹਾਂ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਹੋਣ ਤੋਂ ਬਾਅਦ ਹੀ ਉਸ ਨੂੰ ਜਹਾਜ਼ ਉਡਾਉਣ ਲਈ ਤਿਆਰ ਸਮਝਿਆ ਜਾਂਦਾ ਹੈ। ਇੱਥੇ ਸੀਪੀਐੱਲ ਦੀ 200 ਘੰਟੇ ਦੀ ਫ਼ੀਸ ਕਰੀਬ 30 ਲੱਖ ਰੁਪਏ ਹੈ। ਪਟਿਆਲਾ ਦੇ ਚੀਫ਼ ਫਲਾਈਟ ਇੰਸਟਰੱਕਟਰ (ਸੀਐੱਫਆਈ) ਕੈਪਟਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਡੇ ਕੋਲ ਸੀਪੀਐੱਲ ਬਣਨ ਲਈ ਬਹੁਤ ਸਾਰੀਆਂ ਅਰਜ਼ੀਆਂ ਆ ਰਹੀਆਂ ਹਨ, ਇਸ ਕਰਕੇ ਸਾਨੂੰ ਸੀਟਾਂ ਖ਼ਾਲੀ ਰਹਿਣ ਦੀ ਕੋਈ ਚਿੰਤਾ ਨਹੀਂ ਹੈ, ਪਰ ਇੱਥੇ ਫਲਾਈਟ ਇੰਸਟਰੱਕਟਰ ਰੱਖੇ ਜਾਂਦੇ ਹਨ ਪਰ ਜਦੋਂ ਉਨ੍ਹਾਂ ਨੂੰ ਵੱਡਾ ਮੌਕਾ ਮਿਲਦਾ ਹੈ ਤਾਂ ਉਹ ਛੱਡ ਜਾਂਦੇ ਹਨ ਜਿਵੇਂ ਸਾਡੇ ਕੋਲ ਪੰਜ ਇੰਸਟਰੱਕਟਰ ਸਨ। ਇੱਕ ਨੂੰ ਇੰਡੀਗੋ ਵਿਚ ਮੌਕਾ ਮਿਲਿਆ ਦੋ ਨੂੰ ਹੋਰ ਵੱਡੀ ਥਾਂ ਮੌਕਾ ਮਿਲਿਆ ਉਹ ਛੱਡ ਕੇ ਚਲੇ ਗਏ ਹਨ।
ਛੇਤੀ ਹੀ ਹੋਰ ਇੰਸਟਰੱਕਟਰ ਰੱਖ ਰਹੇ ਹਾਂ: ਡਿਪਟੀ ਕਮਿਸ਼ਨਰ
ਇਸ ਬਾਰੇ ਡੀਸੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਇਹ ਗੱਲ ਸਹੀ ਹੈ ਕਿ ਸਾਡੇ ਕੋਲ ਇੰਸਟਰੱਕਟਰਾਂ ਦੀ ਘਾਟ ਆ ਗਈ ਹੈ ਪਰ ਸਾਡੇ ਦੋ ਇੰਸਟਰੱਕਟਰ ਵਧੀਆ ਕੰਮ ਸੰਭਾਲ ਰਹੇ ਹਨ। ਸਾਡਾ ਮੁੱਖ ਕੰਮ ਸੀਪੀਐੱਲ ਨੂੰ ਉਸ ਦੇ ਫਲਾਇੰਗ ਦੇ ਘੰਟੇ ਪੂਰਾ ਕਰਨਾ ਹੈ, ਇਸ ਕਰਕੇ ਸਾਡੇ ਸੀਐੱਫਆਈ ਨੇ ਉੱਥੇ ਕੰਮ ਸੰਭਾਲ ਰੱਖਿਆ ਹੈ। ਸਾਡੀ ਫ਼ੀਸ ਭਾਰਤ ਵਿੱਚ ਸਭ ਨਾਲੋਂ ਘੱਟ ਹੈ, ਫੇਰ ਵੀ ਅਸੀਂ ਚੰਗੇ ਪਾਇਲਟ ਪੈਦਾ ਕਰ ਰਹੇ ਹਾਂ। ਪੰਜਾਬ ਸਰਕਾਰ ਵੱਲੋਂ ਸਾਨੂੰ ਫ਼ੰਡਾਂ ਦੀ ਕੋਈ ਘਾਟ ਨਹੀਂ ਹੈ, ਜਲਦ ਹੀ ਅਸੀਂ ਹੋਰ ਇੰਸਟਰੱਕਟਰ ਰੱਖ ਰਹੇ ਹਾਂ।