ਕੋਵਿਡ: ਪਟਿਆਲਾ ਜ਼ਿਲ੍ਹੇ ’ਚ ਦੋ ਅਤੇ ਸੰਗਰੂਰ ਵਿੱਚ ਇਕ ਮੌਤ

ਕੋਵਿਡ: ਪਟਿਆਲਾ ਜ਼ਿਲ੍ਹੇ ’ਚ ਦੋ ਅਤੇ ਸੰਗਰੂਰ ਵਿੱਚ ਇਕ ਮੌਤ

ਸੰਗਰੂਰ ਦੇ ਕੋਵਿਡ ਕੇਅਰ ਸੈਂਟਰ ਘਾਬਦਾਂ ਤੋਂ ਤੰਦਰੁਸਤ ਹੋ ਕੇ ਘਰਾਂ ਨੂੰ ਰਵਾਨਾ ਹੋਣ ਤੋਂ ਪਹਿਲਾਂ ਮਰੀਜ਼ ਸਟਾਫ਼ ਨਾਲ।

ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਜੁਲਾਈ

ਪਟਿਆਲਾ ਜ਼ਿਲ੍ਹੇ ਵਿੱਚ ਅੱਜ ਦੋ ਹੋਰ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ।  ਇਨ੍ਹਾਂ ਵਿੱਚੋਂ  ਆਦਰਸ਼ ਨਗਰ ਵਾਸੀ 56 ਸਾਲਾ ਵਿਅਕਤੀ ਸਾਹ ਵਿੱਚ ਤਕਲੀਫ ਹੋਣ ’ਤੇ  ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਸੀ ਜਦਕਿ ਬਿਸ਼ਨ ਨਗਰ ਦੇ ਵਸਨੀਕ 36 ਸਾਲਾ ਵਿਅਕਤੀ  ਪੈਨਕ੍ਰੀਆਂਟਿਕਸ ਦੀ ਬਿਮਾਰੀ ਕਾਰਨ  ਪੀ.ਜੀ.ਆਈ ਚੰਡੀਗੜ੍ਹ ਵਿੱਚ ਦਾਖਲ ਸੀ। ਜ਼ਿਲ੍ਹੇ ’ਚ  ਕਰੋਨਾ ਨਾਲ ਮਰਨ ਵਾਲ਼ਿਆਂ ਦੀ  ਗਿਣਤੀ ਹੁਣ 12 ਹੋ ਗਈ ਹੈ। ਇੰਜ ਹੀ 52 ਹੋਰ ਪਾਜ਼ੇਟਿਵ ਕੇਸ ਸਾਹਮਣੇ ਆੲੇ ਹਨ। ਇੱਕੋ ਦਿਨ ’ਚ ਇੰਨੇ ਇਕੱਠੇ ਪਾਜ਼ੇਟਿਵ ਕੇਸਾਂ  ਇਥੇ ਪਹਿਲੀ  ਵਾਰ ਆਏ ਹਨ। ਇਸ ਤਰ੍ਹਾਂ ਪੰਜ  ਦਿਨਾਂ ਵਿੱਚ  194 ਨਵੇਂ  ਕੇਸ ਆਉਣ ਨਾਲ ਜ਼ਿਲ੍ਹੇ ਵਿਚਲੇ  ਕੁੱਲ ਪਾਜ਼ੇਟਿਵ ਕੇਸਾਂ ਦੀ  ਗਿਣਤੀ 553 ਹੋ ਗਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ  ਦੱਸਿਆ ਕਿ  ਇਨ੍ਹਾਂ ਵਿੱਚੋਂ 27 ਪਟਿਆਲਾ ਸ਼ਹਿਰ ਨਾਲ਼ ਸਬੰਧਿਤ ਹਨ ਜਦਕਿ ਵੀਹ  ਕੇਸ ਸਮਾਣਾ ਅਤੇ ਇੱਕ ਇੱਕ ਕੇਸ ਰਾਜਪੁਰਾ ਤੇ ਨਾਭਾ ਸ਼ਹਿਰ ਜਦਕਿ ਤਿੰਨ ਪਾਜ਼ੇਟਿਵ ਮਰੀਜ਼  ਪਿੰਡਾਂ ਤੋਂ ਮਿਲੇ ਹਨ। 

 ਉਨ੍ਹਾਂ ਦੱਸਿਆ ਕਿ ਪਟਿਆਲਾ ਵਿਚਲੇ ਅੱਜ  ਦੇ  52 ਕੇਸਾਂ ਵਿੱਚੋਂ 37 ਪਟਿਆਲਾ  ਸ਼ਹਿਰ ਦੇ ਤੋਪਖਾਨਾ ਮੋੜ ਖੇਤਰ ਨਾਲ਼ ਸਬੰਧਿਤ ਹਨ। ਇੱਥੇ ਪਹਿਲਾਂ ਹੀ ਕਈ ਪਾਜੇਟਿਵ ਮਰੀਜ਼ ਆਓਣ ਕਰਕੇ ਇਸ ਖੇਤਰ ਨੂੰ ਮਾਈਕਰੋ  ਕੰਟੇਨਮੈਂਟ ਜ਼ੋਨ ਬਣਾਇਆ ਗਿਆ ਸੀ ਪਰ ਅੱਜ ਤੋਪਖਾਨਾ ਮੋੜ ਦੇ ਮਾਈਕਰੋ ਕੰਟੇਨਮੈਂਟ  ਏਰੀਏ ਵਿੱਚ ਵਾਧਾ ਕਰਦਿਆਂ ਅਨਾਰਦਾਣਾ ਚੌਕ ਤੋਂ ਲੈ ਕੇ ਰੋਜ਼ ਗਾਰਡਨ ਸਕੂਲ, ਫੀਲਖਾਨਾ ਸਕੂਲ, ਪੀਲੀ ਸੜਕ, ਕੜਾਹ ਵਾਲਾ ਚੌਕ, ਚਾਂਦਨੀ ਚੌਂਕ ਤੱਕ ਏਰੀਏ ਨੂੰ ਅਗਲੇ 14 ਦਿਨਾਂ ਤੱਕ ਸੀਲ ਕਰ ਦਿੱਤਾ ਗਿਆ ਹੈ। ਸਮਾਣਾ ਵਿੱਚ ਵੀ  ਅੱਜ ਅਜਿਹੇ  ਤਿੰਨ ਹੋਰ ਜ਼ੋਨ  ਬਣਾਏ ਗਏ ਹਨ। 

ਸੰਗਰੂਰ (ਗੁਰਦੀਪ ਸਿੰਘ ਲਾਲੀ): ਜ਼ਿਲ੍ਹਾ ਸੰਗਰੂਰ ਵਿੱਚ ਇੱਕ ਹੋਰ ਕਰੋਨਾ ਪੀੜਤ ਮਰੀਜ਼ ਦੀ ਮੌਤ ਹੋ ਗਈ ਹੈ। ਮ੍ਰਿਤਕ ਮਾਲੇਰਕੋਟਲਾ ਦਾ ਵਸਨੀਕ ਸੀ। ਜ਼ਿਲ੍ਹੇ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ। ਅੱਜ ਛੇ ਹੋਰ ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂ ਕਿ 23 ਮਰੀਜ਼ ਕਰੋਨਾ ਖ਼ਿਲਾਫ਼ ਜੰਗ ਜਿੱਤਣ ਮਗਰੋਂ ਤੰਦਰੁਸਤ ਹੋ ਕੇ ਘਰਾਂ ਨੂੰ ਪਰਤੇ ਹਨ ਜਿਨ੍ਹਾਂ ’ਚ ਇੱਕ ਬਜ਼ੁਰਗ ਜੋੜਾ ਵੀ ਸ਼ਾਮਲ ਹੈ।

ਸਿਹਤ ਵਿਭਾਗ ਦੇ ਬੁਲਾਰੇ ਅਨੁਸਾਰ ਵਿਨੋਦ ਜੈਨ (62) ਵਾਸੀ ਮਾਲੇਰਕੋਟਲਾ ਬਿਮਾਰ ਸੀ ਜਿਸ ਨੂੰ ਬੀਤੀ 27 ਜੂਨ ਨੂੰ ਸਿਵਲ ਹਸਪਤਾਲ ਮਾਲੇਰਕੋਟਲਾ ਦਾਖਲ ਕਰਵਾਇਆ ਗਿਆ ਸੀ ਜਿੱਥੋਂ ਉਸ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਸੀ। ਮਰੀਜ਼ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਜਿਸ ਦੀ ਮੈਡੀਕਲ ਕਾਲਜ ਪਟਿਆਲਾ ਵਿੱਚ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ ਜਿਨ੍ਹਾਂ ’ਚੋਂ 13 ਮੌਤਾਂ ਇਕੱਲੇ ਮਾਲੇਰਕੋਟਲਾ ਨਾਲ ਸਬੰਧਤ ਹਨ। ਜ਼ਿਲ੍ਹੇ ’ਚ ਹੁਣ ਤੱਕ 631 ਕੇਸ ਪਾਜ਼ੇਟਿਵ ਆ ਚੁੱਕੇ ਹਨ ਜਿਨ੍ਹਾਂ ’ਚੋਂ 501 ਤੰਦਰੁਸਤ ਹੋ ਚੁੱਕੇ ਹਨ। ਹੁਣ 112 ਐਕਟਿਵ ਮਰੀਜ਼ ਹਨ ਜਿਨ੍ਹਾਂ ’ਚੋਂ 5 ਦੀ ਹਾਲਤ ਗੰਭੀਰ ਹੈ।

ਉਨ੍ਹਾਂ ਦੱਸਿਆ ਕਿ 6 ਹੋਰ ਵਿਅਕਤੀ ਕਰੋਨਾ ਪੀੜਤ ਪਾਏ ਗਏ ਹਨ ਜਿਨ੍ਹਾਂ ’ਚੋਂ 54 ਵਿਅਕਤੀ, 25 ਸਾਲਾ ਲੜਕੀ ਅਤੇ 29 ਸਾਲਾ ਵਿਅਕਤੀ ਮਾਲੇਰਕੋਟਲਾ ਨਾਲ ਸਬੰਧਤ ਹਨ। 27 ਸਾਲਾ ਲੜਕਾ ਪਿੰਡ ਭੂੰਦੜ ਭੈਣੀ ਬਲਾਕ ਮੂਨਕ ਨਾਲ ਸਬੰਧਤ ਹੈ। 57 ਸਾਲਾ ਔਰਤ ਪਿੰਡ ਬਹਾਦਰਪੁਰ ਅਤੇ 40 ਸਾਲਾ ਵਿਅਕਤੀ ਲਹਿਰਾਗਾਗਾ ਨਾਲ ਸਬੰਧਤ ਹੈ। ਉਧਰ 23 ਮਰੀਜ਼ ਕਰੋਨਾ ਨੂੰ ਮਾਤ ਦੇਣ ਮਗਰੋਂ ਤੰਦਰੁਸਤ ਹੋ ਕੇ ਘਰਾਂ ਨੂੰ ਪਰਤੇ ਹਨ ਜਿਨ੍ਹਾਂ ’ਚ 64 ਸਾਲਾ ਬਜ਼ੁਰਗ ਔਰਤ ਅਤੇ 69 ਸਾਲਾ ਉਸ ਦਾ ਪਤੀ ਸ਼ਾਮਲ ਹੈ। ਬਜ਼ੁਰਗ ਔਰਤ ਉਤਰਾਖੰਡ ਤੋਂ ਪਰਤੀ ਸੀ ਜਿਸ ਨੂੰ ਬੁਖ਼ਾਰ ਤੇ ਸਾਹ ਲੈਣ ਦੀ ਤਕਲੀਫ਼ ਹੋਈ। 28 ਜੂਨ ਨੂੰ ਉਸਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ। ਇਸ ਮਗਰੋਂ ਉਸ ਦਾ 69 ਸਾਲਾ ਪਤੀ, 39 ਸਾਲਾ ਪੁੱਤਰ, 36 ਸਾਲਾ ਨੂੰਹ, 9 ਸਾਲਾ ਪੋਤੀ ਤੇ 4 ਸਾਲਾ ਪੋਤਾ ਵੀ ਕਰੋਨਾ ਪਾਜ਼ੇਟਿਵ ਪਾਇਆ ਗਿਆ। ਬਜ਼ੁਰਗ ਔਰਤ ਨੂੰ 10 ਦਿਨ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਰਹਿਣ ਮਗਰੋਂ ਛੁੱਟੀ ਦੇ ਦਿੱਤੀ ਹੈ ਜਦੋਂ ਕਿ ਨੂੰਹ, ਪੋਤੀ ਤੇ ਪੋਤੇ ਨੂੰ ਵੀ ਤੰਦਰੁਸਤੀ ਮਗਰੋਂ ਘਰ ਭੇਜ ਦਿੱਤਾ ਹੈ।

ਲਹਿਰਾਗਾਗਾ (ਰਮੇਸ਼ ਭਾਰਦਵਾਜ): ਇੱਥੋਂ ਦੇ ਰੇਲਵੇ ਸਟੇਸ਼ਨ ’ਚ ਡਿਊਟੀ ’ਤੇ ਤਾਈਨਾਤ ਸਟੇਸ਼ਨ ਮਾਸਟਰ ਸੰਜੈ ਸੀਲ ਗੌਤਮ ਨੂੰ ਕਰੋਨਾ ਪੀੜਤ ਪਾਇਆ ਗਿਆ ਹੈ। ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਸੂਰਜ ਸ਼ਰਮਾ ਤੇ ਐੱਮਪੀ ਡਬਲਿਊ ਕਾਲਾ ਸਿੰਘ ਅਤੇ ਸਿਟੀ ਪੁਲੀਸ ਦੇ ਐੱਸਐੱਚਓ ਪਰਸ਼ੋਤਮ ਸ਼ਰਮਾ ਦੀ ਅਗਵਾਈ ’ਚ ਪੁਲੀਸ ਤੇ ਮੈਡੀਕਲ ਟੀਮ ਨੇ ਉਨ੍ਹਾਂ ਐਂਬੂਲੈਂਸ ਰਾਹੀਂ ਜ਼ਿਲ੍ਹੇ ਦੇ ਕੋਵਿਡ ਹਸਪਤਾਲ ਘਾਬਦਾ ’ਚ ਭੇਜ ਦਿੱਤਾ ਹੈ। ਸਟੇਸ਼ਨ ਸੁਪਰਡੈਂਟ ਰਾਜੀਵ ਸ਼ਰਮਾ ਨੇ ਦੱਸਿਆ ਕਿ ਉਸ ਸਮੇਤ ਸਟੇਸ਼ਨ ਦੇ 14 ਕਰਮਚਾਰੀਆਂ ਨੇ ਕਰੋਨਾ ਕਰਕੇ ਖੁਦ ਹਸਪਤਾਲ ਜਾ ਕੇ ਸੈਂਪਲ ਦਿੱਤੇ ਸਨ ਅਤੇ ਉਸ ਸਣੇ 13 ਦੀ ਰਿਪੋਰਟ ਨੈਗੇਟਿਵ ਆਈ ਹੈ। 

ਉੱਧਰ ਐੱਸਐੱਮਓ ਡਾ. ਸ਼ਰਮਾ ਨੇ ਦੱਸਿਆ ਕਿ ਉਹ ਮੈਡੀਕਲ ਟੀਮ ਸਟੇਸ਼ਨ ’ਤੇ ਭੇਜ ਕੇ 40-50 ਵਿਅਕਤੀਆਂ ਦੀ ਸੈਂਪਲਿੰਗ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਨੈਗੇਟਿਵ ਆਏ ਰੇਲ ਕਰਮਚਾਰੀਆਂ ਦੀ ਪੰਜ ਦਿਨ ਮਗਰੋਂ ਮੁੜ ਸੈਂਪਲਿੰਗ ਕੀਤੀ ਜਾਵੇਗੀ। ਗੌਤਮ ਮੂਲ ਰੂਪ ਚ ਬਿਹਾਰ ਦਾ ਹੈ ਅਤੇ ਇਥੋਂ ਦੇ ਰੇਲਵੇ ਕੁਆਰਟਰਾਂ ਚ ਤਿੰਨ ਬੱਚਿਆਂ ਅਤੇ ਪਤਨੀ ਨਾਲ ਰਹਿੰਦਾ ਹੈ।

ਸਮਾਣਾ ਵਿੱਚ ਕਰੋਨਾ ਦੇ 21 ਨਵੇਂ ਮਾਮਲੇ

ਸਮਾਣਾ (ਅਸ਼ਵਨੀ ਗਰਗ): ਇੱਥੇ ਅੱਜ ਕਰੋਨਾਵਾਇਰਸ ਦੇ 21 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਹਸਪਤਾਲ ਸਮਾਣਾ ਦੇ ਡਾਕਟਰ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ 35 ਸੈਂਪਲ ਜਾਂਚ ਲਈ ਭੇਜੇ ਗਏ ਸਨ ਜਿਨ੍ਹਾਂ ਵਿੱਚੋਂ 21 ਮਾਮਲੇ ਪਾਜ਼ੇਟਿਵ ਆਏ ਹਨ। ਇਨ੍ਹਾਂ ਵਿੱਚ 3 ਸਿਵਲ ਹਸਪਤਾਲ ਨਾਲ ਸਬੰਧਿਤ ਮੁਲਾਜ਼ਮ ਹਨ ਜਦੋਂ ਕਿ 7 ਮਾਮਲੇ ਤੇਜ ਕਲੋਨੀ, 7 ਪੀਰ ਗੋਰੀ ਮੁਹੱਲਾ, 2 ਮੱਛੀ ਹੱਟਾ ਚੌਕ, ਇਕ ਟੇਲੀਫੋਨ ਕਲੋਨੀ ਅਤੇ 1 ਮਾਮਲਾ ਮੁਹੱਲੇ ਦਾ ਹੈ। ਇਨ੍ਹਾਂ ਵਿੱਚ ਤਿੰਨ ਮਹਿਲਾਵਾਂ ਅਤੇ 3 ਛੋਟੇ ਬੱਚੇ ਸ਼ਾਮਲ ਹਨ। ਸਿਹਤ ਵਿਭਾਗ ਵੱਲੋਂ ਤੇਜ ਕਲੋਨੀ, ਪੀਰ ਗੋਰੀ ਮੁਹੱਲਾ ਅਤੇ ਮੱਛੀ ਹੱਟਾ ਚੌਕ ਨੂੰ ਕੰਟੇਨਮੈਂਟ ਜ਼ੋਨ ਐਲਾਨਦਿਆਂ ਇਨ੍ਹਾਂ ਨੂੰ ਸੀਲ ਕਰ ਦਿੱਤਾ ਹੈ  ਪ੍ਰੰਤੂ ਹੈਰਾਨੀ ਦੀ ਗੱਲ ਇਹ ਰਹੀ ਕਿ ਸਿਹਤ ਵਿਭਾਗ ਵੱਲੋਂ ਇਨ੍ਹਾਂ ਮੁਹੱਲਿਆਂ ਨੂੰ ਸੀਲ ਕਰਨ ਦੇ ਬਾਜਵੂਦ ਮੌਕੇ ਤੇ ਕੋਈ ਪੁਲੀਸ ਮੁਲਾਜ਼ਮ ਨਹੀਂ ਪਹੁੰਚਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਲੁਧਿਆਣਾ ਵਿੱਚ ਪਿਛਲੇ ਤਿੰਨ ਹਫ਼ਤਿਆਂ ’ਚ ਸਭ ਤੋਂ ਵੱਧ ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

* ਇਤਰਾਜ਼ਯੋਗ ਪੋਸਟ ਤੋਂ ਭੜਕੀ ਹਿੰਸਾ; * 50 ਪੁਲੀਸ ਕਰਮੀਆਂ ਸਮੇਤ ਕਈ ਜ...

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

* ਬਿਜਲੀ ਵਿਭਾਗ ਨੇ ਜੁਲਾਈ ਮਹੀਨੇ ਦੋ ਮੀਟਿੰਗਾਂ ’ਚ ਲਏ ਅਹਿਮ ਫੈਸਲੇ; *...

ਸ਼ਹਿਰ

View All