ਕਿਸਾਨ ਸੰਘਰਸ਼: ਰੇਲਵੇ ਨੂੰ ਪਵੇਗਾ ਰੋਜ਼ਾਨਾ 45 ਕਰੋੜ ਦਾ ਘਾਟਾ

ਕਿਸਾਨ ਸੰਘਰਸ਼: ਰੇਲਵੇ ਨੂੰ ਪਵੇਗਾ ਰੋਜ਼ਾਨਾ 45 ਕਰੋੜ ਦਾ ਘਾਟਾ

ਪਟਿਆਲਾ ਰੇਲਵੇ ਸਟੇਸ਼ਨ ’ਤੇ ਮੁਸਤੈਦੀ ਕਰ ਰਹੇ ਜੀਆਰਪੀ ਦੇ ਜਵਾਨ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 24 ਸਤੰਬਰ

ਪੰਜਾਬ ਵਿਚ ਕਿਸਾਨੀ ਸੰਘਰਸ਼ ਦੌਰਾਨ ਰੇਲਾਂ ਬੰਦ ਹੋਣ ਕਰਕੇ ਰੇਲਵੇ ਵਿਭਾਗ ਨੂੰ ਕਰੀਬ 45 ਕਰੋੜ ਰੁਪਏ ਦਾ ਘਾਟਾ ਰੋਜ਼ਾਨਾ ਪੈ ਜਾਵੇਗਾ। ਪੰਜਾਬ ਵਿੱਚ ਰੇਲ ਦੀਆਂ ਦੋ ਫ਼ਿਰੋਜਪੁਰ ਤੇ ਅੰਬਾਲਾ ਡਵੀਜ਼ਨਾਂ ਅਧੀਨ ਰੇਲਾਂ ਚੱਲਦੀਆਂ ਹਨ। ਇਨ੍ਹਾਂ ਡਵੀਜ਼ਨਾਂ ਵਿਚ ਭਾਵੇਂ ਕੋਵਿਡ-19 ਕਾਰਨ ਪਹਿਲਾਂ ਹੀ ਘਾਟਾ ਪਿਆ ਹੈ ਪਰ ਕਿਸਾਨਾਂ ਦੇ ਸੰਘਰਸ਼ ਦੇ ਚੱਲਦਿਆਂ ਰੇਲ ਨੂੰ ਵੱਡਾ ਘਾਟਾ ਪਵੇਗਾ।

 ਅਧਿਕਾਰੀਆਂ ਅਨੁਸਾਰ ਪੰਜਾਬ ਵਿੱਚ ਚੱਲਣ ਵਾਲੀਆਂ ਮਾਲ ਗੱਡੀਆਂ ਵਿੱਚ ਪ੍ਰਤੀ ਮਾਲ ਗੱਡੀ 80 ਲੱਖ ਰੁਪਏ ਦੇ ਕਰੀਬ ਆਮਦਨ ਹੁੰਦੀ ਹੈ ਜਦੋਂਕਿ ਪਸੈਂਜਰ ਗੱਡੀਆਂ ਵਿੱਚ ਵੱਖਰੀ ਆਮਦਨ ਹੁੰਦੀ ਹੈ। ਫ਼ਿਰੋਜਪੁਰ ਡਵੀਜ਼ਨ ਵਿੱਚ 25 ਮਾਲ ਗੱਡੀਆਂ ਚੱਲ ਰਹੀਆਂ ਹਨ ਅਤੇ 14 ਪਸੈਜਰ ਗੱਡੀਆਂ ਚੱਲਦੀਆਂ ਹਨ। ਇਸੇ ਤਰ੍ਹਾਂ ਅੰਬਾਲਾ ਡਵੀਜ਼ਨ ਅਧੀਨ ਪੰਜਾਬ ਵਿੱਚ 11 ਮਾਲ ਗੱਡੀਆਂ ਤੇ 9 ਪਸੈਂਜਰ ਗੱਡੀਆਂ ਚੱਲਦੀਆਂ ਹਨ, 24 ਤੋਂ 26 ਸਤੰਬਰ ਤੱਕ ਪੰਜਾਬ ਵਿੱਚ ਚੱਲਣ ਵਾਲੀਆਂ ਰੇਲਾਂ ਦੇ ਖੜ੍ਹ ਜਾਣ ਕਰਕੇ ਰੇਲ ਵਿਭਾਗ ਨੂੰ ਸਿਰਫ਼ ਮਾਲ ਗੱਡੀਆਂ ਤੋਂ ਹੀ ਕਰੀਬ 29 ਕਰੋੜ ਰੁਪਏ ਰੋਜ਼ਾਨਾ ਘਾਟਾ ਪਵੇਗਾ, ਇਸ ਤੋਂ ਇਲਾਵਾ ਪਸੈਂਜਰ ਗੱਡੀਆਂ ਤੋਂ ਵੀ ਵੱਡਾ ਵਿੱਤੀ ਘਾਟਾ ਰੇਲਵੇ ਨੂੰ ਪਵੇਗਾ।  ਰੇਲਵੇ ਦੇ ਉੱਚ ਅਧਿਕਾਰੀ ਹਰਮੋਹਨ ਅਨੁਸਾਰ ਪੰਜਾਬ ’ਚ ਅੰਬਾਲਾ ਦੇ ਰਸਤੇ ਦਾਖਲ ਹੋਣ ਵਾਲੀਆਂ ਰੇਲ ਗੱਡੀਆਂ ਉਨ੍ਹਾਂ ਨੇ ਪਹਿਲਾਂ ਹੀ ਰੋਕ ਲਈਆਂ ਹਨ, ਜਿਵੇਂ ਕਿ ਅੰਬਾਲਾ, ਮੁਰਾਦਾਬਾਦ, ਸਹਾਰਨਪੁਰ ਤੇ ਦਿੱਲੀ ਰੇਲਵੇ ਸਟੇਸ਼ਨਾਂ ’ਤੇ ਹੀ ਪੰਜਾਬ ਜਾਣ ਵਾਲੀਆਂ ਰੇਲਾਂ ਰੋਕੀਆਂ ਹਨ। ਇਸੇ ਤਰ੍ਹਾਂ ਪੰਜਾਬ ਦੇ ਅਧਿਕਾਰੀਆਂ ਅਨੁਸਾਰ ਕੋਈ ਵੀ ਰੇਲ ਪੰਜਾਬ ਵਿੱਚ ਨਹੀਂ ਜਾਣ ਦਿੱਤੀ ਗਈ। ਇਸੇ ਤਰ੍ਹਾਂ ਜੀਆਰਪੀ ਪੰਜਾਬ ਦੇ ਪਟਿਆਲਾ ਬੈਠਦੇ ਅਧਿਕਾਰੀ ਏਆਈਜੀ ਦਲਜੀਤ ਸਿੰਘ ਅਨੁਸਾਰ ਪੰਜਾਬ ਦੇ ਸੰਵੇਦਨਸ਼ੀਲ ਰੇਲਵੇ ਸਟੇਸ਼ਨਾਂ ’ਤੇ ਕੈਮਰਿਆਂ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ। ਟਰੈਕਾਂ ’ਤੇ ਵੀ ਖ਼ਾਸ ਧਿਆਨ ਰੱਖਿਆ ਜਾ ਰਿਹਾ ਹੈ। 

 ਕਿਸੇ ਵੀ ਆਮ ਜਾਂ ਖ਼ਾਸ ਵਿਅਕਤੀ ਨੂੰ ਹਥਿਆਰ ਲੈ ਕੇ ਚੱਲਣ ’ਤੇ ਪਾਬੰਦੀ ਲਗਾਈ ਹੋਈ ਹੈ। ਕੋਈ ਵੀ ਜਲਣਸ਼ੀਲ ਪਦਾਰਥ ਲੈ ਕੇ ਜਾਣ ਦੀ ਮਨਾਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਕਿਉਂਕਿ ਜੀਆਰਪੀ ਤੇ ਆਰਪੀਐਫ ਨੇ ਪੂਰੀ ਤਰ੍ਹਾਂ ਡਿਊਟੀ ਸੰਭਾਲ ਰੱਖੀ ਹੈ। ਸਾਰਾ ਪੰਜਾਬ ਕਿਸਾਨ ਅੰਦੋਲਨ ਕਰਕੇ ਹਾਈ ਅਲਰਟ ’ਤੇ ਰੱਖਿਆ ਹੋਇਆ ਹੈ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All